FacebookTwitterg+Mail

ਇਸ ਨਾਮੀ ਗਾਇਕ ਨੇ ਸਾਥੀਆਂ ਨਾਲ ਕੀਤਾ ਆਤਮਸਮਰਪਣ

rocky bhatti
20 February, 2018 10:53:50 AM

ਸੰਗਰੂਰ(ਬਿਊਰੋ)— ਸਿੰਗਲ ਟਰੈਕ ਗੀਤ 'ਵਾਰਦਾਤ' ਦੇ ਮਸ਼ਹੂਰ ਗਾਇਕ ਰੌਕੀ ਭੱਟੀ ਨੇ ਆਪਣੇ ਦੋ ਸਾਥੀਆਂ ਸਮੇਤ ਅੱਜ ਥਾਣਾ ਸਿਟੀ ਪੁਲਸ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਸੰਗਰੂਰ ਪੁਲਸ ਵਲੋਂ ਗਾਇਕ ਰੌਕੀ ਤੇ ਉਸ ਦੇ ਸਾਥੀਆਂ ਵਿਰੁੱਧ ਗੀਤ ਵਿਚ ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨ ਵਰਗ 'ਤੇ ਪੈਂਦੇ ਮਾੜੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ਤਹਿਤ ਬੀਤੀ 14 ਫਰਵਰੀ ਨੂੰ ਪੰਜਾਬ ਪ੍ਰੋਵੈਨਸ਼ਨ ਆਫ ਡਿਫੇਸਮੈਂਟ ਪ੍ਰਾਪਰਟੀ ਆਰਡੀਨੈਂਸ ਐਕਟ 1997 ਤਹਿਤ ਕੇਸ ਦਰਜ ਕੀਤਾ ਸੀ। ਥਾਣਾ ਸਿਟੀ ਵਿਚ ਉਪ ਕਪਤਾਨ ਪੁਲਸ ਸੰਦੀਪ ਵਡੇਰਾ ਨੇ ਦੱਸਿਆ ਕਿ ਗਾਇਕ ਰੌਕੀ ਭੱਟੀ ਸਰਕਾਰੀ ਕਾਲਜ ਦਾ ਵਿਦਿਆਰਥੀ ਹੈ, ਜਿਸ ਨੇ ਆਪਣੇ ਗੀਤ 'ਵਾਰਦਾਤ' ਦਾ ਬੋਰਡ ਕਾਲਜ ਦੇ ਗੇਟ ਨੇੜੇ ਹੀ ਲਾਇਆ ਸੀ। ਇਹ ਬੋਰਡ ਪੁਲਸ ਨੇ ਜ਼ਬਤ ਕਰ ਲਿਆ ਸੀ। ਇਸ਼ਤਿਹਾਰ ਬੋਰਡ ਉਪਰ ਗੀਤ 'ਵਾਰਦਾਤ' ਦੇ ਰੈਪਰ ਅਮਨਦੀਪ ਸਿੰਘ ਉਰਫ ਸੋਨੂੰ 12 ਬੋਰ ਦੀ ਬੰਦੂਕ ਚੁੱਕੀ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਗੀਤਾਂ ਨਾਲ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲੇ ਗਾਇਕਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਥਾਣਾ ਸਿਟੀ ਇੰਚਾਰਜ ਵਿਨੋਦ ਕੁਮਾਰ ਵੀ ਮੌਜ਼ੂਦ ਸਨ। ਗਾਇਕ ਰੌਕੀ ਭੱਟੀ ਦੇ ਗੀਤ 'ਵਾਰਦਾਤ' ਦੇ ਬੋਲ 'ਹੋਗੀ ਵਾਰਦਾਤ ਲੱਗੀ 302, ਵੇਖੀਂ ਕੱਲ੍ਹ ਵਾਲਾ ਅਖਬਾਰ ਪੜ੍ਹਕੇ' ਦੀ ਪ੍ਰਮੋਸ਼ਨ ਨੇ ਉਸ ਨੂੰ ਵਖਤ ਪਾ ਦਿੱਤਾ ਹੈ।


Tags: Rocky BhattiVaardatPunjabi singerviolentGovernment Ranbir CollegeMandeep Singh Sidhu

Edited By

Sunita

Sunita is News Editor at Jagbani.