FacebookTwitterg+Mail

ਰੋਮਾਂਟਿਕ ਲਵ ਸਟੋਰੀ ਹੈ 'ਅਰਜਣ', 5 ਮਈ ਨੂੰ ਹੋਵੇਗੀ ਸਿਨੇਮਾਘਰਾਂ 'ਚ ਰਿਲੀਜ਼

roshan prince
27 April, 2017 11:17:16 AM
ਜਲੰਧਰ— ਪੰਜਾਬੀ ਸਿਨੇਮਾ ਹੁਣ ਲਕੀਰ ਦਾ ਫ਼ਕੀਰ ਨਹੀਂ ਰਿਹਾ। ਹਿੰਦੀ ਸਿਨੇਮੇ ਵਾਂਗ ਹੁਣ ਪੰਜਾਬੀ 'ਚ ਵੀ ਵਿਸ਼ਿਆਂ ਤੇ ਕਲਾਕਾਰਾਂ ਨੂੰ ਲੈ ਕੇ ਨਵੇਂ ਨਵੇਂ ਤਜਰਬੇ ਹੋਣ ਲੱਗੇ ਹਨ। ਇਸ ਦੌਰ 'ਚ ਕਈ ਫ਼ਿਲਮਾਂ ਫ਼ਲਾਪ ਵੀ ਹੋ ਰਹੀਆਂ ਹਨ ਪਰ ਇਨ੍ਹਾਂ ਤਜਰਬਿਆਂ ਸਦਕਾ ਹੀ ਪੰਜਾਬੀ ਸਿਨੇਮਾ ਸਫ਼ਲਤਾ ਦੇ ਰਾਹ ਵੀ ਪੈ ਰਿਹਾ ਹੈ। ਤਜਰਬਿਆਂ ਦੀ ਇਸ ਲੜੀ ਤਹਿਤ ਹੀ ਇਕ ਹੋਰ ਪੰਜਾਬੀ ਫ਼ਿਲਮ 'ਅਰਜਣ' ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਤਿਆਰ ਬਰ ਤਿਆਰ ਹੈ। 5 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਇਹ ਫ਼ਿਲਮ ਆਪਣੇ ਕਿਸਮ ਦੀ ਇਕ ਵੱਖਰੀ ਲਵ ਸਟੋਰੀ ਫ਼ਿਲਮ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਤੇ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਏਗੀ। ਇਸ ਫ਼ਿਲਮ ਦਾ ਨਿਰਦੇਸ਼ਕ ਮਨਦੀਪ ਸਿੰਘ ਹੈ। ਉਹਨਾਂ ਨੇ ਹੀ ਇਸ ਫ਼ਿਲਮ ਦੀ ਸਟੋਰੀ ਲਿਖੀ ਹੈ। 'ਰੀਅਲ ਬਰਡਸ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਨਿਰਮਾਤਾ ਜਗਦੀਸ਼ ਚੋਪੜਾ ਤੇ ਪੁਨੀਤ ਚੋਪੜਾ ਦੀ ਇਸ ਫ਼ਿਲਮ 'ਚ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਮੁੱਖ ਭੂਮਿਕਾ ਨਿਭਾਈ ਹੈ। ਰੌਸ਼ਨ ਨਾਲ ਇਸ ਫ਼ਿਲਮ 'ਚ ਇਕ ਨਵਾਂ ਚਿਹਰਾ ਪ੍ਰਾਚੀ ਤਹਿਲਨ ਹੀਰੋਇਨ ਵਜੋਂ ਨਜ਼ਰ ਆਵੇਗਾ। ਜਦਕਿ ਸ਼ਵਿੰਦਰ ਮਾਹਲ, ਹੌਬੀ ਧਾਲੀਵਾਲ, ਬੀਐਨ ਸ਼ਰਮਾ, ਬਨਿੰਦਰ ਬਨੀ, ਨਿਰਮਲ ਰਿਸ਼ੀ ਤੇ ਦੀਪ ਮਨਦੀਪ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਂਣਗੇ। ਨਿਰਦੇਸ਼ਕ ਮਨਦੀਪ ਸਿੰਘ ਦੀ ਹੀ ਲਿਖੀ ਸਟੋਰੀ 'ਤੇ ਬਣੀ ਇਹ ਫ਼ਿਲਮ ਪੰਜਾਬੀ ਅਤੇ ਪੱਛਮੀ ਸੱਭਿਆਚਾਰ ਦੀ ਗੱਲ ਕਰਦੀ ਹੋਈ ਅਜੌਕੀਆਂ ਕਦਰਾਂ ਕੀਮਤਾਂ ਦੀ ਬਾਤ ਪਾਵੇਗੀ।
ਦਰਸ਼ਕ ਫ਼ਿਲਮ 'ਚ ਪੰਜਾਬ ਦੇ ਪੇਂਡੂ ਸੱਭਿਆਚਾਰ ਦੇ ਨਾਲ ਨਾਲ ਪੱਛਮੀ ਮੁਲਕਾਂ ਦੀ ਚਕਾਚੌਂਧ ਦੇ ਦੀਦਾਰ ਵੀ ਕਰ ਸਕਣਗੇ। ਪੰਜਾਬ, ਚੰਡੀਗੜ ਅਤੇ ਮਲੇਸ਼ੀਆ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫ਼ਿਲਮਾਈ ਗਈ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਦੇ ਸਿਰ ਚੜ ਬੋਲਣ ਦਾ ਦਮ ਰੱਖਦਾ ਹੈ। ਫ਼ਿਲਮ ਇਕ ਕੁੜੀ ਅਤੇ ਮੁੰਡੇ ਦੇ ਪਿਆਰ ਦੀ ਕਹਾਣੀ ਹੈ। ਇਹ ਦੋਵੇਂ ਜਣੇ ਵੱਖੋ ਵੱਖ ਸੱਭਿਆਚਾਰ ਨਾਲ ਸਬੰਧ ਰੱਖਦੇ ਹਨ। ਮਲੇਸ਼ੀਆ 'ਚ ਰਹਿੰਦੀ ਨਿੰਮੀ ਨਾਂ ਦੀ ਕੁੜੀ ਪਰਿਵਾਰਕ ਮਜਬੂਰੀ ਵੱਸ ਪੰਜਾਬ ਵਿਆਹ ਕਰਵਾਉਂਣ ਆਉਂਦੀ ਹੈ। ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਤੋਂ ਬਿਲਕੁਲ ਅਨਜਾਣ ਇਸ ਕੁੜੀ ਦਾ ਵਿਆਹ ਉਸ ਦੀ ਪੰਜਾਬ ਰਹਿੰਦੀ ਮਾਸੀ ਕਿਸੇ ਮੁੰਡੇ ਨਾਲ ਤੈਅ ਕਰ ਦਿੰਦੀ ਹੈ। ਫ਼ਿਲਮ ਦੀ ਹੀਰੋਇਨ ਪ੍ਰਾਚੀ ਤਹਿਲਨ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਫ਼ਿਲਮ ਦਾ ਮਿਊਜ਼ਿਕ ਜੱਸੀ ਕਟਿਆਲ, ਗੁਰਚਰਨ ਸਿੰਘ ਤੇ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਲਈ ਗੀਤ ਹੈਪੀ ਰਾਏਕੋਟੀ, ਸਿਮਰਜੀਤ ਸਿੰਘ ਹੁੰਦਲ, ਦਨਵੀਰ ਸਾਰੋਬਾਦ, ਜੱਗੀ ਸਿੰਘ, ਸੰਜੇ ਗਲੋਰੀ ਤੇ ਸੈਵੀ ਡਡਵਾਲ ਨੇ ਲਿਖੇ ਹਨ, ਜਿਨ੍ਹਾਂ ਨੂੰ ਆਵਾਜ਼ ਰੌਸ਼ਨ ਪ੍ਰਿੰਸ, ਨੂਰਾ ਸਿਸਟਰ, ਨਿਮਰਤ ਖਹਿਰਾ, ਪ੍ਰੀਤ ਹਰਪਾਲ ਤੇ ਪ੍ਰਭ ਗਿੱਲ ਨੇ ਦਿੱਤੀ ਹੈ। ਫ਼ਿਲਮ ਦੀ ਟੀਮ ਮੁਤਾਬਕ ਦਰਸ਼ਕ ਪੰਜਾਬੀ 'ਚ ਇਸ ਕਿਸਮ ਦੀ ਲਵ ਸਟੋਰੀ ਪਹਿਲੀ ਵਾਰ ਦੇਖਣਗੇ।

Tags: Roshan PrinceArjanPrachi Tehlanਰੌਸ਼ਨ ਪ੍ਰਿੰਸਅਰਜਣਪ੍ਰਾਚੀ ਤਹਿਲਨ