FacebookTwitterg+Mail

ਪੂਰੇ ਜੋਬਨ 'ਤੇ ਹੈ 'ਸਾਬ੍ਹ ਬਹਾਦਰ' ਦਾ ਪ੍ਰਚਾਰ

saab bahadar
21 May, 2017 09:33:46 AM

ਜਲੰਧਰ— 26 ਮਈ ਨੂੰ ਰਿਲੀਜ਼ ਹੋਣ ਵਾਲੀ ਐਮੀ ਵਿਰਕ ਦੀ ਨਵੀਂ ਫ਼ਿਲਮ 'ਸਾਬ੍ਹ ਬਹਾਦਰ' ਦਾ ਪ੍ਰਚਾਰ ਅੱਜਕਲ ਹਰ ਪਾਸੇ ਜ਼ੋਰਾਂ 'ਤੇ ਹੈ। ਗੱਲ ਭਾਵੇਂ ਸੋਸ਼ਲ ਮੀਡੀਆ ਦੀ ਕੀਤੀ ਜਾਵੇ, ਚੈਨਲਾਂ ਜਾਂ ਅਖ਼ਬਾਰਾਂ ਦੀ, ਪੂਰੀ ਟੀਮ ਪ੍ਰਚਾਰ ਲਈ ਜੀਅ-ਜਾਨ ਨਾਲ ਜੁਟੀ ਹੋਈ ਹੈ। ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਚੌਕਾਂ ਦੀਆਂ ਅਹਿਮ ਥਾਵਾਂ 'ਤੇ ਵੱਡ-ਆਕਾਰੀ ਬੋਰਡ ਲੱਗੇ ਹੋਏ ਦਿਖਾਈ ਦੇ ਰਹੇ ਹਨ, ਕੰਧਾਂ ਫ਼ਿਲਮ ਦੇ ਪੋਸਟਰਾਂ ਨਾਲ ਭਰ ਦਿੱਤੀਆਂ ਗਈਆਂ ਹਨ, ਚੈਨਲਾਂ 'ਤੇ ਲਗਾਤਾਰ ਫ਼ਿਲਮ ਦਾ ਪ੍ਰਚਾਰ ਹੋ ਰਿਹਾ ਹੈ। ਹੁਣ ਫ਼ਿਲਮ ਦੀ ਟੀਮ ਵੱਲੋਂ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਪ੍ਰਚਾਰ ਕਰਨ ਦਾ ਸਿਲਸਿਲਾ ਵੀ ਆਰੰਭ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਹੋ ਰਹੇ ਪ੍ਰਚਾਰ ਨੇ ਤਾਂ ਹਨੇਰੀ ਲਿਆਂਦੀ ਹੋਈ ਹੈ। ਐਮੀ ਵਿਰਕ ਤੇ ਬਾਕੀ ਸਾਰੇ ਕਲਾਕਾਰਾਂ ਵੱਲੋਂ ਆਪਣੇ ਫੇਸਬੁੱਕ ਖਾਤੇ, ਇੰਸਟਾਗ੍ਰਾਮ, ਵਟਸਐਪ ਗਰੁੱਪਾਂ 'ਚ ਰੋਜ਼ ਫ਼ਿਲਮ ਦੇ ਪ੍ਰਚਾਰ ਨਾਲ ਜੁੜੀਆਂ ਸਰਗਰਮੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka
ਫ਼ਿਲਮ ਦੇ ਪ੍ਰਚਾਰ 'ਚ ਜੁਟੇ ਐਮੀ ਵਿਰਕ ਤੇ ਬਾਕੀ ਟੀਮ ਦਾ ਕਹਿਣਾ ਹੈ ਕਿ ਫ਼ਿਲਮ ਤਾਂ ਚੰਗੀ ਹੈ ਹੀ, ਪਰ ਸਾਡੀ ਪੂਰੀ ਟੀਮ ਪ੍ਰਚਾਰ 'ਚ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਰਾਣਾ ਰਣਬੀਰ, ਜਸਵਿੰਦਰ ਭੱਲਾ, ਪ੍ਰੀਤ ਕਮਲ, ਸੀਮਾ ਕੌਸ਼ਲ, ਹੌਬੀ ਧਾਲੀਵਾਲ ਤੇ ਹੋਰ ਸਾਰੇ ਕਲਾਕਾਰਾਂ ਨੇ ਕਮਾਲ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ 'ਵ੍ਹਾਈਟ ਹਿੱਲ ਸਟੂਡੀਓ' ਨਾਲ ਕੰਮ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਫ਼ਿਲਮ ਦੇ ਹਰ ਪੱਖ ਦੀ ਮਜ਼ਬੂਤੀ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ। ਕਹਾਣੀ ਦੀ ਚੋਣ, ਨਿਰਦੇਸ਼ਕ, ਅਦਾਕਾਰਾ, ਐਡੀਟਿੰਗ, ਪ੍ਰਚਾਰ, ਹਰ ਪੱਖ 'ਤੇ ਖਾਸ ਮਿਹਨਤ ਕੀਤੀ ਜਾਂਦੀ ਹੈ। ਐਮੀ ਵਿਰਕ ਨੇ ਇਹ ਵੀ ਕਿਹਾ ਕਿ ਸਾਡੀ ਖੁਸ਼ਨਸੀਬੀ ਹੈ ਕਿ ਫ਼ਿਲਮ ਨਿਰਮਾਤਾਵਾਂ ਵੱਲੋਂ ਇੰਨੀ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ 'ਸਾਬ੍ਹ ਬਹਾਦਰ' ਸਾਡੇ ਸੁਪਨਿਆਂ ਦੀ ਫ਼ਿਲਮ ਤਾਂ ਹੈ ਹੀ, ਪੰਜਾਬੀ ਸਿਨੇਮੇ ਦੇ ਸੁਪਨਿਆਂ ਨੂੰ ਵੀ ਪੂਰਾ ਕਰਨ ਵਾਲੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਜ ਤਕ ਇੰਨਾ ਰੋਮਾਂਚ ਕਿਸੇ ਫ਼ਿਲਮ 'ਚ ਨਹੀਂ ਦਿਖਾਇਆ ਗਿਆ ਹੋਵੇਗਾ, ਜਿੰਨਾ ਇਸ ਫ਼ਿਲਮ 'ਚ ਪੇਸ਼ ਕੀਤਾ ਗਿਆ ਹੈ। ਗੁਣਬੀਰਤ ਸਿੰਘ ਸਿੱਧੂ ਤੇ ਮੜਮੋੜ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਫ਼ਿਲਮ ਬਣਾ ਲੈਣਾ ਤੇ ਰਿਲੀਜ਼ਿੰਗ ਦੀ ਤਰੀਕ ਦਾ ਐਲਾਨ ਕਰ ਦੇਣਾ ਕਾਫੀ ਨਹੀਂ। ਉਨ੍ਹਾਂ ਦੇ ਬੈਨਰ ਨੇ ਹੁਣ ਤਕ ਅਨੇਕਾਂ ਸੁਪਰਹਿੱਟ ਫ਼ਿਲਮਾਂ ਪੰਜਾਬੀ ਦਰਸ਼ਕਾਂ ਦੀ ਝੋਲੀ ਪਾਈਆਂ ਹਨ, ਜਿਸ ਕਰਕੇ ਉਹ ਜਾਣਦੇ ਹਨ ਕਿ ਫ਼ਿਲਮ ਦੇ ਪ੍ਰਚਾਰ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ। ਚੰਗੀ ਚੀਜ਼ ਬਾਰੇ ਦਰਸ਼ਕਾਂ ਨੂੰ ਦੱਸਣਾ ਵੀ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 26 ਮਈ ਦੇ ਪਹਿਲੇ ਸ਼ੋਅ 'ਚ ਜਦੋਂ ਦਰਸ਼ਕ ਪੁੱਜਣਗੇ ਤਾਂ ਉਸ ਤੋਂ ਬਾਅਦ ਦਰਸ਼ਕਾਂ ਵੱਲੋਂ ਹੀ ਫ਼ਿਲਮ ਦਾ ਪ੍ਰਚਾਰ ਕੀਤਾ ਜਾਵੇਗਾ।


Tags: Saab BahadarAmmy VirkJaswinder BhallaPreet KamalRana Ranbirਸਾਬ੍ਹ ਬਹਾਦਰਐਮੀ ਵਿਰਕਜਸਵਿੰਦਰ ਭੱਲਾ