ਮੁੰਬਈ(ਬਿਊਰੋ)— ਬਾਲੀਵੁੱਡ ਨੂੰ 'ਪਦਮਾਵਤ' ਵਰਗੀ ਜ਼ਬਰਦਸਤ ਡਾਇਰੈਕਸ਼ਨ ਵਾਲੀ ਫਿਲਮ ਦੇਣ ਵਾਲੇ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਦਾ ਅੱਜ ਜਨਮਦਿਨ ਹੈ। ਸੰਜੈ ਲੀਲਾ ਭੰਸਾਲੀ ਦਾ ਜਨਮ 24 ਫਰਵਰੀ 1963 ਨੂੰ ਮੁੰਬਈ 'ਚ ਹੋਇਆ। ਉਥੇ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੁਣੇ ਦੇ ਫਿਲਮ ਐਂਡ ਟੈਲੀਵਿਜਨ ਇੰਸਟੀਚਿਊਟ ਆਫ ਇੰਡੀਆ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਡੀਟਿੰਗ ਦਾ ਕੋਰਸ ਵੀ ਕੀਤਾ। ਸੰਜੈ ਨੇ ਸਾਲ 1996 'ਚ ਫਿਲਮ 'ਖਾਮੋਸ਼ੀ' ਨਾਲ ਬਾਲੀਵੁੱਡ 'ਚ ਡਾਇਰੈਕਟਰ ਡੈਬਿਊ ਕੀਤਾ। ਸੰਜੈ ਇਕ ਮਲਟੀਟਾਸਕਰ ਹਨ, ਉਹ ਫਿਲਮ ਡਾਇਰੈਕਟਰ ਹੋਣ ਤੋਂ ਇਲਾਵਾ ਪ੍ਰੋਡਿਊਸਰ, ਮਿਊਜਿਕ ਡਾਇਰੈਕਟਰ ਅਤੇ ਸਕਰੀਨ ਰਾਇਟਰ ਵੀ ਹਨ। ਸੰਜੈ ਨੇ ਆਪਣੇ ਨਾਮ ਨਾਲ ਆਪਣੀ ਮਾਂ ਦਾ ਨਾਮ ਜੋੜਿਆ ਹੋਇਆ ਹੈ। ਦਰਅਸਲ ਲੀਲਾ ਸੰਜੈ ਦੀ ਮਾਂ ਦਾ ਨਾਮ ਹੈ। ਉਥੇ ਹੀ ਸੰਜੈ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਨਾਮ ਨਾਲ ਆਪਣੀ ਮਾਂ ਲੀਲਾ ਦਾ ਨਾਮ ਜੋੜ ਦਿੱਤਾ।
ਭੰਸਾਲੀ ਨੇ ਬਿਧੂ ਨਾਲ '1942 ਏ ਲਵ ਸਟੋਰੀ' ਅਤੇ 'ਪਰਿੰਦਾ' ਵਿਚ ਕੰਮ ਕੀਤਾ ਸੀ। ਸਾਲ 2002 'ਚ ਭੰਸਾਲੀ ਦੀ ਫਿਲਮ 'ਦੇਵਦਾਸ' ਆਈ। ਇਹ ਫਿਲਮ ਉਸ ਸਮੇਂ ਦੀ ਸਭ ਤੋਂ ਮਹਿੰਗੀ ਫਿਲਮ ਸੀ। ਇਸ ਫਿਲਮ ਨੂੰ ਬਣਾਉਣ 'ਚ ਉਸ ਵੇਲੇ 50 ਕਰੋੜ ਰੁਪਏ ਖਰਚ ਕੀਤੇ ਗਏ ਸਨ। ਉਥੇ ਹੀ ਫਿਲਮ ਨੇ 100 ਕਰੋੜ ਰੁਪਏ ਕਮਾਏ ਸਨ। ਸੰਜੈ ਦੀ ਇਸ ਫਿਲਮ ਨੇ ਕੁੱਲ 5 ਰਾਸ਼ਟਰ ਪੁਰਸਕਾਰ ਜਿੱਤੇ ਅਤੇ 10 ਫਿਲਮਫੇਅਰ ਅਵਾਰਡਸ ਲਏ ਸਨ। ਇਸ ਤੋਂ ਪਹਿਲਾਂ ਸੰਜੈ ਲੀਲਾ ਭੰਸਾਲੀ ਨੇ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਵੀ ਬਣਾਈ ਸੀ। ਇਹ ਫਿਲਮ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਸੀ।
ਸੰਜੈ ਨੇ ਆਪਣੇ ਕਰਿਅਰ ਵਿਚ ਇਕ ਤੋਂ ਬਾਅਦ ਇਕ ਚੰਗੀਆਂ ਫਿਲਮਾਂ ਦਾ ਨਿਰਮਾਣ ਕੀਤਾ। ਭੰਸਾਲੀ ਨੇ ਫਿਲਮ 'ਬਲੈਕ', 'ਗੁਜਾਰਿਸ਼','ਰਾਮ ਲੀਲਾ' ਅਤੇ 'ਪਦਮਾਵਤ' ਵਰਗੀਆਂ ਫਿਲਮਾਂ ਬਣਾਈਆਂ। ਇਨ੍ਹਾਂ ਫਿਲਮਾਂ ਲਈ ਸੰਜੈ ਲੀਲਾ ਭੰਸਾਲੀ ਨੂੰ ਕਾਫੀ ਸਰਾਹਿਆ ਗਿਆ ਨਾਲ ਹੀ ਭੰਸਾਲੀ ਦੁਆਰਾ ਬਣਾਈਆਂ ਗਈਆਂ ਕਈ ਫਿਲਮਾਂ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਲੋਕਾਂ ਦੇ ਵਿਰੋਧਾਂ ਦਾ ਸਾਹਮਣਾ ਵੀ ਕਰਨਾ ਪਿਆ। ਹਾਲ ਹੀ 'ਚ ਆਈ ਫਿਲਮ 'ਪਦਮਾਵਤ' 'ਤੇ ਹੋਏ ਵਿਰੋਧ ਨੂੰ ਕੋਈ ਨਹੀਂ ਭੁੱਲ ਪਾਇਆ ਹੈ। ਦੇਸ਼ ਦੇ ਕਈ ਹਿੱਸੀਆਂ 'ਚ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਪਰ ਸੰਜੈ ਲੀਲਾ ਭੰਸਾਲੀ ਨੇ ਹਾਰ ਨਾ ਮੰਨੀ ਅਤੇ ਆਖਿਰਕਾਰ ਫਿਲਮ ਨਾ ਸਿਰਫ ਰਿਲੀਜ਼ ਹੋਈ ਸਗੋਂ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਵੀ ਕੀਤੀ।