FacebookTwitterg+Mail

ਮੂਵੀ ਰਿਵਿਊ : 'ਸਰਦਾਰ ਜੀ 2' ਦਿਲਜੀਤ ਦੀਆਂ ਕਲੋਲਾਂ ਅਤੇ ਕਾਬਿਲੇ ਅਭਿਨੈ ਨਾਲ ਭਰਪੂਰ

27 June, 2016 03:31:37 PM

ਜਲੰਧਰ : ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਕੱਲ੍ਹ ਭਾਵ 24 ਜੂਨ ਨੂੰ ਫਿਲਮ 'ਸਰਦਾਰ ਜੀ 2' ਰਿਲੀਜ਼ ਹੋਈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਨੇ 'ਜੱਗੀ ਖੂਹ ਵਾਲੇ' ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੇ ਪੌਦਿਆਂ ਅਤੇ ਸਬਜ਼ੀਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ (ਸਬਜ਼ੀਆਂ) ਉਸ ਤੋਂ ਵੀ ਵੱਡੇ ਆਕਾਰ 'ਚ ਉਗਦੀਆਂ ਹਨ। ਅਸਲ 'ਚ ਦਿਲਜੀਤ ਦੀਆਂ ਸਬਜ਼ੀਆਂ ਦਾ ਵੱਡਾ ਆਕਾਰ ਹੋਣ ਦਾ ਕਾਰਨ ਇਹ ਹੈ ਕਿ ਦਿਲਜੀਤ ਦੂਰਦਰਸ਼ਨ ਦਾ ਇਸ ਸ਼ੋਅ 'ਮੇਰੇ ਪਿੰਡ ਮੇਰੇ ਖੇਤ' ਵੇਖ-ਵੇਖ ਕੇ ਨਵੀਆਂ-ਨਵੀਆਂ ਖਾਦਾਂ ਤਿਆਰ ਕਰਦਾ ਹੈ ਅਤੇ ਆਪਣੇ ਆਪ ਨੂੰ ਚੰਗਾ ਕਿਸਾਨ ਕਹਿੰਦਾ ਹੈ। ਜੱਗੀ ਭਾਵ ਦਿਲਜੀਤ 'ਚ ਸਿਰਫ ਇਕੋਂ ਕਮੀ ਹੈ ਅਤੇ ਉਹ ਹੈ ਉਸ ਦਾ ਗੁੱਸਾ, ਜਿਸ ਕਾਰਨ ਉਹ ਅਕਸਰ ਜੇਲ੍ਹ 'ਚ ਪਾਇਆ ਜਾਂਦਾ ਹੈ। ਅਸਲੀ ਮੁਸੀਬਤ ਉਸ ਸਮੇਂ ਪੈਦਾ ਹੁੰਦੀ ਹੈ, ਜਦੋਂ ਉਹ ਆਪਣੇ ਗੁੱਸੇ ਕਾਰਨ ਡੇਢ ਕਰੋੜ ਦੇ ਕਰਜ਼ੇ ਥੱਲੇ ਆ ਜਾਂਦਾ ਹੈ ਅਤੇ ਉਸੇ ਕਰਜ਼ੇ ਨੂੰ ਉਤਾਰਨ ਲਈ ਕੀ ਕੁਝ ਕਰਦਾ ਹੈ ਅਤੇ ਇਸ 'ਚ ਸਫਲ ਹੁੰਦਾ ਹੈ ਜਾਂ ਅਸਫਲ ਰਹਿ ਜਾਂਦਾ ਹੈ, ਇਹੀ ਹੈ ਫਿਲਮ ਦੀ ਅੱਗੇ ਦੀ ਕਹਾਣੀ।

ਜਾਣਕਾਰੀ ਅਨੁਸਾਰ ਫਿਲਮ 'ਚ ਇਕ ਕਿਸਾਨ ਦੇ ਮੋਢਿਆਂ 'ਤੇ ਪੂਰੀ ਫਿਲਮ ਦਾ ਆਧਾਰ ਰੱਖਣਾ ਇਕ ਵੱਖਰਾ ਵਿਸ਼ਾ ਹੈ। ਇਸ 'ਚ ਕਿਸਾਨਾਂ ਦੀ ਆਤਮ-ਹੱਤਿਆ ਵਾਲੀ ਸਮੱਸਿਆ ਨੂੰ ਦਰਸਾਇਆ ਗਿਆ ਹੈ ਅਤੇ ਇਸ ਦੇ ਨਾਲ ਇਕ ਸੁਨੇਹਾ ਵੀ ਜੁੜਿਆ ਹੋਇਆ ਹੈ, ਜੋ ਚੰਗੀ ਗੱਲ ਹੈ। ਇਸ ਦਾ ਜ਼ਿਕਰ ਸਿਰਫ ਫਿਲਮ ਦੇ ਸ਼ੁਰੂਆਤ ਅਤੇ ਅੰਤ 'ਚ ਹੁੰਦਾ ਹੈ।
ਇਸ ਫਿਲਮ 'ਚ ਰੱਜ ਕੇ ਕਲੋਲਾਂ ਕੀਤੀਆਂ ਗਈਆਂ ਹਨ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਈਆਂ ਹਨ। ਫਿਲਮ 'ਚ ਦਿਲਜੀਤ ਨੇ ਅੱਗੇ ਵਾਂਗ ਬਿਹਤਰੀਨ ਪਰਫਾਰਮ ਕੀਤਾ ਹੈ। ਕਿਸਾਨ ਦੇ ਕਿਰਦਾਰ 'ਚ ਦਿਲਜੀਤ ਬੇਹੱਦ ਕਿਊਟ ਅਤੇ ਸ਼ਾਨਦਾਰ ਲੱਗ ਰਹੇ ਹਨ। ਉਨ੍ਹਾਂ ਦਾ ਹਰ ਅੰਦਾਜ਼ ਕਾਬਿਲੇ ਤਰੀਫ ਹੈ। 'ਜ਼ਿੰਦਗੀ ਜਿਉਣ ਦੇ ਦੋ ਤਰੀਕੇ ਇਕ ਅੱਕ ਕੇ ਦੂਜਾ ਚੱਕ ਕੇ' ਦਿਲਜੀਤ ਦਾ ਇਹ ਸੰਵਾਦ ਲੋਕਾਂ ਦੇ ਮੁੰਹ ਚੜ੍ਹਿਆ ਹੋਇਆ ਹੈ।
ਦੂਜੇ ਪਾਸੇ ਜਸਵਿੰਦਰ ਭੱਲਾ ਇਕ ਪਠਾਨ ਡੌਨ ਦੇ ਕਿਰਦਾਰ 'ਚ ਨਜ਼ਰ ਆਏ ਹਨ। ਇਸ ਕਿਰਦਾਰ 'ਚ ਉਨ੍ਹਾਂ ਦੀ ਲੁੱਕ ਤਾਂ ਨਵੀਂ ਹੈ ਪਰ ਅੰਦਾਜ਼ ਉਹੀ ਪੁਰਾਣਾ ਹੈ। ਜੇਕਰ ਗੱਲ ਕਰੀਏ ਫਿਲਮ ਦੀਆਂ ਅਦਾਕਾਰਾਂ ਦੀ ਤਾਂ ਮੋਨਿਕਾ ਗਿੱਲ ਦੀ ਐਕਟਿੰਗ ਅੱਗੇ ਨਾਲੋਂ ਕਾਫੀ ਬਿਹਤਰ ਹੋਈ ਹੈ ਅਤੇ ਸੋਨਮ ਬਾਜਵਾ ਦਾ ਰੋਲ ਫਿਲਮ 'ਚ ਕਾਫੀ ਘੱਟ ਹੈ। ਫਿਲਮ ਦੀ ਸ਼ੂਟਿੰਗ ਪੰਜਾਬ ਅਤੇ ਆਸਟਰੇਲੀਆਂ 'ਚ ਕੀਤੀ ਗਈ ਹੈ। ਫਿਲਮ ਦੇ ਗੀਤ-ਸੰਗੀਤ ਨੇ ਵੀ ਪੂਰੀਆਂ ਧਮਾਲਾਂ ਪਾਈਆਂ ਹਨ।


Tags: ਮੂਵੀਰਿਵਿਊਸਰਦਾਰ ਜੀ 2sardaar ji 2filmreview