FacebookTwitterg+Mail

'ਲਹੌਰੀਏ' ਦੀ ਮੁੱਖ ਅਭਿਨੇਤਰੀ ਸਰਗੁਣ ਮਹਿਤਾ ਦੀ ਪੜ੍ਹੋ ਖਾਸ ਇੰਟਰਵਿਊ

    1/2
13 May, 2017 09:05:22 AM
ਜਲੰਧਰ (ਅਨੁਰਾਧਾ ਸ਼ਰਮਾ, ਰਾਹੁਲ ਸਿੰਘ)— ਪੰਜਾਬੀ ਫਿਲਮ 'ਲਹੌਰੀਏ' ਦੁਨੀਆ ਭਰ 'ਚ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਤੇ ਰਾਜੀਵ ਠਾਕੁਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਤੇ ਇਸ ਦਾ ਨਿਰਦੇਸ਼ਨ ਵੀ ਖੁਦ ਅੰਬਰਦੀਪ ਸਿੰਘ ਨੇ ਹੀ ਕੀਤਾ ਹੈ। ਫਿਲਮ ਨੂੰ ਲੈ ਕੇ ਤੇ ਨਿੱਜੀ ਜ਼ਿੰਦਗੀ ਬਾਰੇ ਅੱਜ ਸਰਗੁਣ ਮਹਿਤਾ ਨਾਲ ਕਈ ਸਵਾਲ-ਜਵਾਬ ਕੀਤੇ ਗਏ, ਜੋ ਹੇਠ ਲਿਖੇ ਅਨੁਸਾਰ ਹਨ—
ਸਵਾਲ : 'ਲਹੌਰੀਏ' ਫਿਲਮ ਦਾ ਸਫਰ ਕਿਹੋ-ਜਿਹਾ ਰਿਹਾ?
ਜਵਾਬ : ਫਿਲਮ ਦਾ ਸਫਰ ਬਹੁਤ ਵਧੀਆ ਰਿਹਾ। ਅਮਰਿੰਦਰ ਗਿੱਲ, ਅੰਬਰਦੀਪ ਸਿੰਘ ਤੇ ਕਾਰਜ ਗਿੱਲ ਪਰਿਵਾਰ ਦੇ ਇਕ ਹਿੱਸੇ ਵਾਂਗ ਲੱਗਦੇ ਹਨ। ਅਮਰਿੰਦਰ ਗਿੱਲ ਨਾਲ 'ਲਹੌਰੀਏ' ਮੇਰੀ ਤੀਜੀ ਫਿਲਮ ਹੈ, ਜਿਸ ਦਾ ਸਫਰ ਸ਼ਾਨਦਾਰ ਰਿਹਾ।
ਸਵਾਲ : ਫਿਲਮ 'ਚ ਕਿਹੜੀ ਭੂਮਿਕਾ ਨਿਭਾਅ ਰਹੇ ਹੋ?
ਜਵਾਬ : ਫਿਲਮ ਦੋ ਕਿਰਦਾਰਾਂ ਦੇ ਨਜ਼ਰੀਏ ਤੋਂ ਚੱਲਦੀ ਹੈ, ਕੁੜੀ ਜੋ ਲਾਹੌਰ 'ਚ ਵੱਸਦੀ ਹੈ ਤੇ ਮੁੰਡਾ ਜਿਹੜਾ ਫਿਰੋਜ਼ਪੁਰ 'ਚ ਰਹਿੰਦਾ ਹੈ। ਫਿਲਮ 'ਚ ਮੈਂ ਅਮੀਰਾਂ ਨਾਂ ਦੀ ਇਕ ਪੜ੍ਹੀ-ਲਿਖੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹਾਂ, ਜਿਹੜੀ ਲਾਹੌਰ 'ਚ ਜੰਮੀ-ਪਲੀ ਇਕ ਸਿੱਧੀ-ਸਾਦੀ ਕੁੜੀ ਹੈ।
ਸਵਾਲ : ਅਮਰਿੰਦਰ ਗਿੱਲ ਨਾਲ ਇਹ ਤੁਹਾਡੀ ਤੀਜੀ ਫਿਲਮ ਹੈ, ਕੈਮਿਸਟਰੀ ਕਿਹੋ-ਜਿਹੀ ਰਹੀ?
ਜਵਾਬ : ਅਸੀਂ ਇਕ-ਦੂਜੇ ਨਾਲ ਬਹੁਤ ਸਹਿਜ ਹਾਂ, ਸ਼ਾਇਦ ਇਹੀ ਕਾਰਨ ਹੈ ਕਿ ਸਾਡੀ ਕੈਮਿਸਟਰੀ ਬਹੁਤ ਹੀ ਵਧੀਆ ਹੈ। ਸਾਨੂੰ ਦੋਵਾਂ ਨੂੰ ਪਤਾ ਹੈ ਕਿ ਅਸੀਂ ਇਕ ਸੀਨ 'ਚ ਕਿਵੇਂ ਐਕਟ ਕਰਨਾ ਹੈ। ਕੈਮਿਸਟਰੀ 'ਚ ਹਰ ਵਾਰ ਕੁਝ ਨਵਾਂ ਲੈ ਕੇ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਧੰਨ ਕੌਰ ਤੇ ਗੇਜੇ ਜਾਂ 'ਲਵ ਪੰਜਾਬ' ਵਾਲੇ ਅਮਰਿੰਦਰ ਤੇ ਸਰਗੁਣ ਨੂੰ ਮੁੜ ਪਰਦੇ 'ਤੇ ਉਤਾਰਿਆ ਜਾਵੇ। ਅੰਬਰਦੀਪ ਨੇ 'ਲਹੌਰੀਏ' ਨੂੰ ਬਹੁਤ ਹੀ ਵਧੀਆ ਢੰਗ ਨਾਲ ਡਾਇਰੈਕਟ ਕੀਤਾ ਹੈ, ਜਿਸ ਨਾਲ ਸਾਡੀ ਜੋੜੀ 'ਚ ਵੀ ਨਵਾਂਪਣ ਦੇਖਣ ਨੂੰ ਮਿਲੇਗਾ।
ਸਵਾਲ : ਧੰਨ ਕੌਰ ਤੋਂ ਕਿੰਨੀ ਕੁ ਅਲੱਗ ਹੈ ਅਮੀਰਾਂ?
ਜਵਾਬ : ਦੋਵੇਂ ਬਿਲਕੁਲ ਅਲੱਗ ਕਿਰਦਾਰ ਹਨ। ਧੰਨ ਕੌਰ ਇਕ ਬਹੁਤ ਤੇਜ਼ ਕੁੜੀ ਸੀ, ਉਸ ਨੂੰ ਪਤਾ ਸੀ ਕਿਹੜੇ ਵਿਅਕਤੀ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਪਰ ਅਮੀਰਾਂ ਇੰਨੀ ਤੇਜ਼ ਨਹੀਂ ਹੈ।
ਸਵਾਲ : ਪਾਲੀਵੁੱਡ 'ਚ ਡੈਬਿਊ ਪਿੱਛੇ ਕਿਸ ਦਾ ਹੱਥ ਮੰਨਦੇ ਹੋ?
ਜਵਾਬ : ਮੈਨੂੰ ਕਿਸੇ ਨੇ ਦੱਸਿਆ ਸੀ ਕਿ ਅਮਰਿੰਦਰ ਗਿੱਲ ਦੀ ਮਾਤਾ ਜੀ ਨੇ ਮੈਨੂੰ ਟੀ. ਵੀ. ਸੀਰੀਅਲ 'ਚ ਦੇਖਿਆ ਸੀ ਤੇ ਉਨ੍ਹਾਂ ਨੇ ਅਮਰਿੰਦਰ ਨੂੰ ਕਿਹਾ ਸੀ ਕਿ ਉਹ ਮੇਰੇ ਨਾਲ ਕੰਮ ਜ਼ਰੂਰ ਕਰਨ। ਮੈਂ ਹੁਣ ਤਕ ਅਮਰਿੰਦਰ ਗਿੱਲ ਦੀ ਮਾਤਾ ਜੀ ਨੂੰ ਨਹੀਂ ਮਿਲੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਉਹੀ ਮੇਰੇ ਪਾਲੀਵੁੱਡ ਡੈਬਿਊ ਦਾ ਕਾਰਨ ਹਨ।
'ਅਮਰਿੰਦਰ ਗਿੱਲ ਤੇ ਮੇਰੀ ਜੋੜੀ ਨੂੰ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ ਹੈ। ਮੈਂ ਉਮੀਦ ਕਰਦੀ ਹਾਂ ਕਿ 'ਲਹੌਰੀਏ' ਨੂੰ ਵੀ ਦਰਸ਼ਕ ਉਨਾ ਹੀ ਪਿਆਰ ਦੇਣਗੇ। ਫਿਲਮ 'ਚ ਰੋਮਾਂਸ, ਮਨੋਰੰਜਨ, ਡਰਾਮਾ ਤੇ ਭਾਰਤ-ਪਾਕਿਸਤਾਨ ਦੀ ਸਾਂਝ ਦੇਖਣ ਨੂੰ ਮਿਲੇਗੀ।'
—ਸਰਗੁਣ ਮਹਿਤਾ

Tags: Sargun Mehta Amrinder Gill Lahoriye ਸਰਗੁਣ ਮਹਿਤਾ ਅਮਰਿੰਦਰ ਗਿੱਲ ਲਹੌਰੀਏ