FacebookTwitterg+Mail

'ਅਣਜੰਮਿਆ ਬੋਟ' ਦੇ ਜਨਮ ਨਾਲ ਮੇਰੇ ਸੁਪਨੇ ਦੀ ਪੂਰਤੀ ਹੋਈ : ਸਤਿੰਦਰ ਸੱਤੀ

satinder satti
15 February, 2017 08:54:02 AM
ਜਲੰਧਰ— ਪੰਜਾਬ ਕਲਾ ਪ੍ਰੀਸ਼ਦ ਦੀ ਪਿਛਲੇ ਸਾਲ ਬਣੀ ਨਵੀਂ ਚੇਅਰਪਰਸਨ ਸਤਿੰਦਰ ਸੱਤੀ ਦੀ ਪਹਿਲੀ ਕਾਵਿ ਪੁਸਤਕ 'ਅਣਜੰਮਿਆ ਬੋਟ' ਬੀਤੇ ਦਿਨ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਰਿਲੀਜ਼ ਕੀਤੀ ਗਈ। ਸਤਿੰਦਰ ਸੱਤੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਪੁਸਤਕ ਛਪਣ ਦੀ ਚਿਰੋਕਣੀ ਇੱਛਾ ਪੂਰੀ ਹੋਈ ਹੈ। ਸਾਰੇ ਜਾਣਦੇ ਹਨ ਕਿ, ਸਤਿੰਦਰ ਸੱਤੀ ਇਕ ਬਹੁਪੱਖੀ ਕਲਾਕਾਰ ਹੈ। ਉਸ ਨੇ ਆਪਣੀ ਕਲਾ ਪ੍ਰਤਿਭਾ ਦਾ ਆਰੰਭ ਸਟੇਜ ਕੰਪਿਅਰਿੰਗ ਤੋਂ ਆਰੰਭ ਕੀਤਾ ਅਤੇ ਇਸ 'ਚ ਪੂਰੇ ਵਿਸ਼ਵ 'ਚ ਨਾਮਣਾ ਖੱਟਿਆ। ਫਿਰ ਉਸ ਨੇ ਆਪਣਾ ਪੈਰ ਐਕਟਿੰਗ 'ਚ ਰੱਖਿਆ ਅਤੇ ਕੁਝ ਫਿਲਮਾਂ 'ਚ ਰੋਲ ਕਰਨ ਪਿੱਛੋਂ ਉਹ ਨਾਲ-ਨਾਲ ਗਾਇਕੀ 'ਚ ਪ੍ਰਵੇਸ਼ ਕਰ ਗਈ। ਗਾਇਕੀ 'ਚ ਵੀ ਚੰਗਾ ਨਾਮਣਾ ਖੱਟਿਆ। ਬਹੁਪੱਖੀ ਪ੍ਰਤਿਭਾ ਦੀ ਮਾਲਕ ਹੋਣ ਕਰ ਕੇ ਹੀ ਉਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ, ਸਤਿੰਦਰ ਸੱਤੀ ਦੀ ਇਸ ਪੁਸਤਕ ਨੂੰ ਨਾਮਵਰ ਕਾਵਿ-ਹਸਤਾਖਰਾਂ ਨੇ ਰਿਲੀਜ਼ ਕੀਤਾ, ਜਿਨ੍ਹਾਂ 'ਚ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ, ਸੁਖਵਿੰਦਰ ਅੰਕਿਤ ਅਤੇ ਡਾ. ਸਰਬਜੀਤ ਕੌਰ ਸੋਹਲ ਸ਼ਾਮਲ ਹਨ। ਸੱਤੀ ਨੇ ਦੱਸਿਆ ਕਿ 'ਅਣਜੰਮਿਆ ਬੋਟ' ਨਾਂ ਦੀ ਕਵਿਤਾ ਉਸ ਨੇ ਕਈ ਸਾਲ ਪਹਿਲਾਂ ਲਿਖੀ ਸੀ ਅਤੇ ਸਮੇਂ-ਸਮੇਂ 'ਤੇ ਹੋਰ ਵੀ ਕਵਿਤਾਵਾਂ ਲਿਖਦੀ ਰਹੀ, ਕਦੇ ਨੈਪਕਿਨ ਪੇਪਰ 'ਤੇ ਅਤੇ ਕਦੇ ਡਾਇਰੀ 'ਚ ਤੇ ਕਦੇ ਕਿਸੇ ਨੋਟ ਪੈਡ 'ਤੇ। ਇਨ੍ਹਾਂ ਵੱਖ-ਵੱਖ ਥਾਵਾਂ 'ਤੇ ਪਈਆਂ ਕਵਿਤਾਵਾਂ ਨੂੰ ਇਕੱਠਿਆਂ ਕੀਤਾ ਅਤੇ ਅਣਜੰਮਿਆ ਬੋਟ ਨਾਂ ਦੀ ਪੁਸਤਕ ਦੀ ਪ੍ਰਕਾਸ਼ਨਾ ਕੀਤੀ। ਸੱਤੀ ਨੇ ਦੱਸਿਆ ਕਿ 'ਅਣਜੰਮਿਆ ਬੋਟ' ਦੀ ਕਵਿਤਾ ਨੂੰ ਵੀਡੀਓ ਰਾਹੀਂ ਵੀ ਫਿਲਮਾਇਆ ਗਿਆ ਹੈ, ਜਿਸ 'ਚ ਅਣਜੰਮੀ ਬੱਚੀ ਅਬਾਰਸ਼ਨ ਕਰਨ ਵਾਲੇ ਡਾਕਟਰ ਅੱਗੇ ਜਨਮ ਲੈਣ ਲਈ ਬੇਨਤੀਆਂ ਕਰ ਰਹੀ ਹੈ। ਸਤਿੰਦਰ ਸੱਤੀ ਨੇ ਦੱਸਿਆ ਕਿ ਅੱਜ ਉਸ ਚਿਰਾਂ ਦੇ ਸੁਪਨੇ ਦੀ ਪੂਰਤੀ ਹੋਈ ਹੈ। ਇਸ ਪੁਸਤਕ ਨੂੰ ਯੂਨੀਸਟਰ ਬੁਕਸ ਨੇ ਪ੍ਰਕਾਸ਼ਿਤ ਕੀਤਾ।

Tags: Satinder SattiAnjanmaya BothSurjit PatarSarabjit Kaur Sohalਸਤਿੰਦਰ ਸੱਤੀਅਣਜੰਮਿਆ ਬੋਟ