ਚੰਡੀਗੜ੍ਹ— ਐੱਮ. ਐੱਨ. ਪ੍ਰੋਡਕਸ਼ਨਜ਼ ਦੀ ਨਿਵੇਕਲੀ ਪੇਸ਼ਕਸ਼ ਫਿਲਮ 'ਪਾਲੀ' 27 ਜਨਵਰੀ 2017 ਸ਼ਾਮ 6:15 ਵਜੇ ਨਿਰਦੇਸ਼ਕ ਰਾਣਾ ਰੰਗੀ ਤੇ ਨਿਰਮਾਤਾ ਵਿਸ਼ਾਲਦੀਪ ਨਾਗਰਾ ਵਲੋਂ ਯੂਟਿਊਬ 'ਤੇ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ 'ਚ ਜ਼ਿੰਦਗੀ ਦੀ ਅਨੋਖੀ ਸੱਚਾਈ ਦਿਖਾਈ ਗਈ ਹੈ। ਕਹਾਣੀਕਾਰ ਵਿਰਾਟ ਮਾਹਲ ਦੀ ਸੋਚ ਨੂੰ ਬਿਹਤਰੀਨ ਅਦਾਕਾਰ ਰਾਣਾ ਰੰਗੀ, ਗੁਰਪ੍ਰੀਤ ਧਾਲੀਵਾਲ, ਕੁਨਾਲ ਦੁਆ ਤੇ ਜੱਗੀ ਸਿੰਘ ਨੇ ਫਿਲਮ 'ਪਾਲੀ' ਰਾਹੀਂ ਸਮਾਜ 'ਚ ਕੋਹੜ ਦੀ ਤਰ੍ਹਾਂ ਫੈਲੇ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੂੰ ਪੇਸ਼ ਕੀਤਾ ਹੈ।
ਮੁੱਖ ਕਿਰਦਾਰ ਗੁਰਪ੍ਰੀਤ ਧਾਲੀਵਾਲ ਤੇ ਰਾਣਾ ਰੰਗੀ ਵਲੋਂ ਨਿਭਾਏ ਗਏ ਹਨ। ਸੰਪਾਦਕ ਮਲਵਿੰਦਰ ਚੰਨੋ ਤੇ ਸੰਗੀਤ ਸਾਬੀ ਵਲੋਂ ਦਿੱਤਾ ਗਿਆ ਹੈ। ਇਸ ਸੰਦੇਸ਼ ਪੂਰਵਕ ਫਿਲਮ ਨੂੰ ਬਣਾਉਣ 'ਚ ਰਾਣਾ ਪੈਕੇਜਿੰਗ ਬੱਦੀ (ਐੱਚ. ਪੀ.) ਤੇ ਗਲੋਬਲ ਪੰਜਾਬ ਟੀ. ਵੀ. ਯੂ. ਐੱਸ. ਏ. ਦਾ ਮਹੱਤਵਪੂਰਨ ਸਹਿਯੋਗ ਮਿਲਿਆ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਸਮਾਜ 'ਚ ਭ੍ਰਿਸ਼ਟਾਚਾਰ ਦੇ ਬੇਰੁਜ਼ਗਾਰੀ ਦੇਸ਼ ਦੀ ਆਰਥਿਕ ਤੇ ਸਮਾਜਿਕ ਸਥਿਤੀ ਨੂੰ ਘੁਣ ਵਾਂਗ ਖਾ ਰਹੀ ਹੈ।
ਭ੍ਰਿਸ਼ਟਾਚਾਰ ਹੀ ਬੇਰੁਜ਼ਗਾਰੀ ਦੀ ਨੀਂਹ ਹੈ, ਜਿਸ ਦਾ ਅਸਰ ਅੱਜ ਦੇ ਹਰ ਇਕ ਵਰਗ 'ਤੇ ਪੈ ਰਿਹਾ ਹੈ। ਫਿਲਮ 'ਪਾਲੀ' ਜ਼ਿੰਦਗੀ ਦੇ ਅਜਿਹੇ ਅਜੀਬੋ-ਗਰੀਬ ਤੇ ਸੱਚਾਈ ਨਾਲ ਭਰੇ ਹਾਲਾਤ ਦਿਖਾ ਰਹੀ ਹੈ ਕਿ ਕਿਵੇਂ ਨੌਜਵਾਨ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਕੀ ਕੁਝ ਕਰਨ ਲਈ ਮਜਬੂਰ ਹੋ ਜਾਂਦੇ ਹਨ।