FacebookTwitterg+Mail

ਔਰਤਾਂ ਦੀ ਹਿੰਮਤ ਵਧਾਏਗੀ 'ਅਕੀਰਾ'...

    1/2
30 August, 2016 08:02:38 AM
ਨਵੀਂ ਦਿੱਲੀ— ਬਾਲੀਵੁੱਡ ਦੀ ਰੱਜੋ ਹੁਣ ਦਬੰਗ 'ਅਕੀਰਾ' ਬਣ ਗਈ ਹੈ। ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਅਕੀਰਾ' ਨੂੰ ਲੈ ਕੇ ਸੁਰਖੀਆਂ ਵਿਚ ਹੈ। ਫਿਲਮ ਵਿਚ ਸੋਨਾਕਸ਼ੀ ਅਜਿਹੇ ਅਵਤਾਰ ਵਿਚ ਨਜ਼ਰ ਆਵੇਗੀ, ਜਿਸ ਵਿਚ ਉਸ ਨੂੰ ਪਹਿਲਾਂ ਕਦੀ ਨਹੀਂ ਦੇਖਿਆ ਗਿਆ। 'ਅਕੀਰਾ' ਵਿਚ ਸੋਨਾਕਸ਼ੀ ਨੇ ਐਂਗਰੀ ਕਾਲਜ ਗਰਲ ਦਾ ਕਿਰਦਾਰ ਨਿਭਾਇਆ ਹੈ। ਜੋ ਫਾਈਟਰ ਹੈ। ਸੋਨਾਕਸ਼ੀ ਨੇ ਫਿਲਮ ਵਿਚ ਕਈ ਐਕਸ਼ਨ ਸੀਨ ਕੀਤੇ ਹਨ। ਫਿਲਮ 2 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਵਿਚ ਡਾਇਰੈਕਟਰ ਅਨੁਰਾਗ ਕੱਸ਼ਯਪ ਅਤੇ ਕੋਂਕਣਾ ਸੇਨ ਸ਼ਰਮਾ ਵੀ ਅਹਿਮ ਭੂਮਿਕਾ ਵਿਚ ਹੈ। ਫਿਲਮ ਦੀ ਪ੍ਰਮੋਸ਼ਨ ਲਈ ਜਗ ਬਾਣੀ ਦੇ ਦਿੱਲੀ ਦਫਤਰ ਪਹੁੰਚੀ ਸੋਨਾਕਸ਼ੀ ਨੇ ਕਿਹਾ ਕਿ ਇਸ ਫਿਲਮ ਨੂੰ ਦੇਖ ਕੇ ਔਰਤਾਂ ਦੀ ਹਿੰਮਤ ਵਧੇਗੀ ਅਤੇ ਉਹ ਮੁਸ਼ਕਲਾਂ ਦਾ ਸਾਹਮਣਾ ਕਰ ਸਕਣਗੀਆਂ...।
ਨਜ਼ਰ ਆਵੇਗਾ ਵੱਖਰਾ ਅੰਦਾਜ਼
ਸੋਨਾਕਸ਼ੀ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਮੈਂ ਸਿਰਫ ਲੋਕਾਂ ਵਿਚਾਲੇ ਆਪਣਾ ਅਕਸ ਬਦਲਣ ਲਈ ਇਸ ਫਿਲਮ ਵਿਚ ਕੰਮ ਕੀਤਾ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਫਿਲਮ ਰਾਹੀਂ ਲੋਕਾਂ ਸਾਹਮਣੇ ਮੇਰਾ ਵੱਖਰਾ ਅੰਦਾਜ਼ ਨਜ਼ਰ ਆਵੇਗਾ। ਹੁਣ ਤੱਕ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ, ਉਨ੍ਹਾਂ ਸਾਰੀਆਂ ਫਿਲਮਾਂ ਦੇ ਮੁਕਾਬਲੇ ਮੇਰੀ ਇਹ ਫਿਲਮ ਨਾ ਸਿਰਫ ਕਹਾਣੀ ਦੇ ਮਾਮਲੇ ਵਿਚ ਵਧੀਆ ਹੈ, ਸਗੋਂ ਇਸ ਵਿਚ ਮੇਰਾ ਕਿਰਦਾਰ ਵੀ ਬਹੁਤ ਸਟ੍ਰੌਂਗ ਹੈ।
ਨਾਂਹ ਕਹਿਣ ਦਾ ਨਹੀਂ ਸੀ ਕਾਰਨ
ਸੋਨਾਕਸ਼ੀ ਦੱਸਦੀ ਹੈ ਕਿ ਜਦੋਂ ਏ. ਆਰ. ਮੁਰਗਦਾਸ ਸਰ ਮੇਰੇ ਕੋਲ ਇਸ ਫਿਲਮ ਨੂੰ ਲੈ ਕੇ ਆਏ ਸਨ ਤਾਂ ਮੈਂ ਪਲਕ ਝਪਕਦੇ ਹੀ ਹਾਂ ਕਰ ਦਿੱਤੀ। ਫਿਲਮ ਦੀ ਕਹਾਣੀ, ਮੇਰਾ ਕਿਰਦਾਰ ਅਤੇ ਸਭ ਤੋਂ ਵੱਡੀ ਗੱਲ ਮੁਰਗਦਾਸ ਨਾਲ ਕੰਮ ਕਰਨ ਦਾ ਮੌਕਾ, ਅਜਿਹੇ ਵਿਚ ਫਿਲਮ ਨੂੰ ਨਾਂਹ ਕਹਿਣ ਦਾ ਕੋਈ ਕਾਰਨ ਨਹੀਂ ਸੀ।
ਮਿਕਸਡ ਮਾਰਸ਼ਲ ਆਰਟਸ ਦੀ ਟ੍ਰੇਨਿੰਗ
ਇਸ ਫਿਲਮ ਲਈ ਖੁਦ ਨੂੰ ਤਿਆਰ ਕਰਨ ਲਈ ਸੋਨਾਕਸ਼ੀ ਨੂੰ ਸਖਤ ਮਿਹਨਤ ਕਰਨੀ ਪਈ ਸੀ। ਸੋਨਾਕਸ਼ੀ ਨੇ ਕਿਹਾ,''ਇਸ ਫਿਲਮ ਦੀ ਸ਼ੁਰੂਆਤ 'ਚ ਮੈਨੂੰ 2 ਤੋਂ ਢਾਈ ਘੰਟੇ ਵਰਕਆਊਟ ਕਰਨਾ ਪਿਆ ਸੀ। ਫਿਲਮ 'ਚ ਮੈਂ ਕਈ ਫਾਈਟ ਸੀਨ ਕੀਤੇ ਹਨ, ਜਿਨ੍ਹਾਂ ਲਈ ਮੈਂ ਮਿਕਸਡ ਐਕਸ਼ਨ ਫਾਰਮ ਦਾ ਇਸਤੇਮਾਲ ਕੀਤਾ ਹੈ। ਮੈਂ ਮਿਕਸਡ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਲਈ ਸੀ, ਜੋ ਮੇਰੇ ਲਈ ਸਿੱਖਣਾ ਬਹੁਤ ਮੁਸ਼ਕਿਲ ਸੀ ਪਰ ਇਸ ਦਾ ਰਿਜ਼ਲਟ ਦੇਖਣ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ।''
ਲੜਕੀਆਂ ਲਈ ਖਾਸ
ਸੋਨਾਕਸ਼ੀ ਕਹਿੰਦੀ ਹੈ ਕਿ ਇਸ ਫਿਲਮ ਨਾਲ ਲੜਕੀਆਂ ਨੂੰ ਹਿੰਮਤ ਮਿਲੇਗੀ। ਫਿਲਮ 'ਚ ਉਨ੍ਹਾਂ ਲਈ ਮਜ਼ਬੂਤ ਸੰਦੇਸ਼ ਹੈ। ਸਮਾਜ 'ਚ ਕੁਝ ਧਾਰਨਾਵਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਬਦਲਣ 'ਚ ਆਸਾਨੀ ਹੋਵੇਗੀ। ਅੱਜ ਦੇ ਜ਼ਮਾਨੇ 'ਚ ਮਰਦ ਦੀ ਵੀ ਓਨੀ ਹੀ ਜ਼ਿੰਮੇਵਾਰੀ ਹੈ। ਹੁਣ ਲੜਕੀਆਂ ਨੂੰ ਆਪਣੇ ਲਈ ਲੜਨਾ ਸਿੱਖਣਾ ਹੋਵੇਗਾ ਅਤੇ ਕਿਸੇ ਰਾਹੀਂ ਨਹੀਂ ਬਲਕਿ ਆਪਣੀ ਸੁਰੱਖਿਆ ਖੁਦ ਕਰਨੀ ਹੋਵੇਗੀ।
ਸਿਆਸਤ ਨੂੰ ਨਾਂਹ-ਨਾਂਹ
ਸੋਨਾਕਸ਼ੀ ਦਾ ਕਹਿਣਾ ਹੈ ਕਿ ਆਪਣੇ ਪਿਤਾ ਵਾਂਗ ਉਹ ਸਿਆਸਤ 'ਚ ਨਹੀਂ ਜਾਵੇਗੀ, ਕਿਉਂਕਿ ਇਸ ਵਿਚ ਉਸਦੀ ਕੋਈ ਰੁਚੀ ਨਹੀਂ ਹੈ। ਸੋਨਾਕਸ਼ੀ ਨੇ ਕਿਹਾ ਕਿ ਨਹੀਂ, ਮੈਂ ਸਮਝਦੀ ਹਾਂ ਮੇਰੇ ਅੰਦਰ ਇਸ ਲਈ ਰੁਚੀ ਨਹੀਂ ਹੈ। ਮੇਰੇ ਪਿਤਾ ਨੇਤਾ ਹਨ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਵੀ ਸਿਆਸਤ 'ਚ ਆਵਾਂਗੀ।
ਅਸਲ ਹੀਰੋ ਅਕੀਰਾ
ਸੋਨਾਕਸ਼ੀ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਫਿਲਮ ਦਾ ਰੀਮੇਕ ਤਾਂ ਬਣਿਆ ਪਰ ਫਿਲਮ ਵਿਚ ਮੇਲ ਹੀਰੋ ਦਾ ਕਿਰਦਾਰ ਕਿਸੇ ਫੀਮੇਲ ਹੀਰੋਇਨ ਨੂੰ ਦਿੱਤਾ ਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦਾ ਅਸਲ ਹੀਰੋ ਅਕੀਰਾ ਹੀ ਹੈ।
ਲੜਕੀਆਂ ਨੂੰ ਨਹੀਂ ਦਿੰਦੇ ਮਹੱਤਵ
ਸੋਨਾਕਸ਼ੀ ਦਾ ਕਹਿਣਾ ਹੈ ਕਿ ਸਮਾਜ ਵਿਚ ਇੰਨੇ ਯਤਨਾਂ ਤੋਂ ਬਾਅਦ ਵੀ ਔਰਤ ਸਸ਼ਕਤੀਕਰਨ ਨਹੀਂ ਹੋ ਪਾ ਰਿਹਾ ਹੈ, ਕਿਉਂਕਿ ਇਸ ਦਾ ਮੁੱਖ ਕਾਰਨ ਮਰਦ ਪ੍ਰਧਾਨ ਸਮਾਜ ਹੈ। ਦਰਅਸਲ ਸਾਡੇ ਸਮਾਜ ਦੀ ਸੋਚ ਹੀ ਸਭ ਤੋਂ ਵੱਡੀ ਕਮਜ਼ੋਰੀ ਹੈ। ਅੱਜ ਵੀ ਸਮਾਜ ਵਿਚ ਲੋਕ ਆਪਣੀ ਬੇਟੀ ਨੂੰ ਓਨਾ ਮਹੱਤਵ ਨਹੀਂ ਦਿੰਦੇ, ਜਿੰਨਾ ਬੇਟੇ ਨੂੰ ਦਿੰਦੇ ਹਨ, ਜਿਸ ਦਿਨ ਬੇਟੇ ਜਿੰਨੀ ਅਹਿਮੀਅਤ ਬੇਟੀ ਨੂੰ ਦੇਣ ਲੱਗ ਜਾਣਗੇ ਅਤੇ ਲੜਕੀਆਂ ਖੁਦ ਲਈ ਖੜ੍ਹਾ ਹੋਣਾ ਸ਼ੁਰੂ ਕਰ ਦੇਣਗੀਆਂ ਤਾਂ ਸਮਾਜ ਆਪਣੇ ਆਪ ਬਦਲ ਜਾਵੇਗਾ।
ਮੇਰਾ ਦਿਲ ਦੁਖਾਉਣਾ ਇੰਨਾ ਸੌਖਾਲਾ ਨਹੀਂ
ਸੋਨਾਕਸ਼ੀ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦੀ ਹੁਣ ਤੱਕ ਦੀ ਸਭ ਤੋਂ ਮੁਸ਼ਕਲ ਫਿਲਮ ਹੈ। ਫਿਲਮ ਵਿਚ ਇਕ ਸੀਨ ਬਾਰੇ ਉਹ ਕਹਿੰਦੀ ਹੈ ਕਿ ਮੇਰਾ ਦਿਲ ਦੁਖਾਉਣਾ ਇੰਨਾ ਸੌਖਾਲਾ ਨਹੀਂ ਹੈ। ਸੋਨਾਕਸ਼ੀ ਦੱਸਦੀ ਹੈ ਕਿ ਇਸ ਸੀਨ ਵਿਚ ਉਸ ਨੂੰ ਨਸ਼ੇ ਦੀ ਹਾਲਤ ਵਿਚ ਫਾਈਟ ਕਰਨੀ ਸੀ ਅਤੇ ਉਸ ਤੋਂ ਬਾਅਦ ਬੋਲਣਾ ਸੀ ਕਿ ਮੇਰਾ ਦਿਲ ਦੁਖਾਉਣਾ ਇੰਨਾ ਸੌਖਾਲਾ ਨਹੀਂ ਹੈ।
ਬੇਟੀਆਂ ਕਰ ਰਹੀਆਂ ਹਨ ਨਾਂ ਰੌਸ਼ਨ
ਸੋਨਾਕਸ਼ੀ ਦਾ ਕਹਿਣਾ ਹੈ ਕਿ ਅੱਜ ਦੀਆਂ ਬੇਟੀਆਂ ਹੀ ਸਾਡੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਹਾਲ ਹੀ ਵਿਚ ਓਲੰਪਿਕ ਵਿਚ ਮੈਡਲ ਵੀ ਓਹੀ ਲੈ ਕੇ ਆਈਆਂ ਹਨ। ਅੱਜ ਦੇ ਜ਼ਮਾਨੇ ਵਿਚ ਜਿਥੇ ਕੰਨਿਆ ਭਰੂਣ ਹੱਤਿਆ ਬਾਰੇ ਸੁਣਾਈ ਦਿੰਦਾ ਹੈ, ਔਰਤਾਂ ਖਿਲਾਫ ਘਰੇਲੂ ਹਿੰਸਾ ਦੀ ਗੱਲ ਸੁਣਾਈ ਦਿੰਦੀ ਹੈ, ਅਜਿਹੇ ਵਿਚ ਬਹੁਤ ਜ਼ਰੂਰੀ ਹੈ ਕਿ ਅਸੀਂ ਬਚਪਨ ਤੋਂ ਹੀ ਬੇਟੀਆਂ ਨੂੰ ਆਤਮ-ਰੱਖਿਆ ਕਰਨੀ ਸਿਖਾਈਏ। ਦੂਜਾ, ਅਸੀਂ ਆਪਣੀ ਸੋਚ ਬਦਲੀਏ ਕਿ ਬੇਟੀ ਹੋਣ ਵਿਚ ਕੋਈ ਬੁਰਾਈ ਨਹੀਂ ਹੈ, ਇਹ ਚੰਗੀ ਗੱਲ ਹੈ। ਹਾਲਾਂਕਿ ਹੌਲੀ-ਹੌਲੀ ਲੋਕ ਜਾਗਰੂਕ ਹੋ ਰਹੇ ਹਨ ਪਰ ਹਾਲੇ ਬਹੁਤ ਦੂਰ ਤੱਕ ਜਾਣਾ ਹੈ।
ਭਰਾਵਾਂ ਨਾਲ ਡਬਲਯੂ ਡਬਲਯੂ ਐੱਫ
ਸੋਨਾਕਸ਼ੀ ਦੱਸਦੀ ਹੈ ਕਿ ਜਦੋਂ ਉਹ ਛੋਟੀ ਸੀ ਤਾਂ ਆਪਣੇ ਭਰਾਵਾਂ ਨਾਲ ਡਬਲਯੂ ਡਬਲਯੂ ਐੱਫ ਦੇਖਿਆ ਕਰਦੀ ਸੀ ਅਤੇ ਉਸ ਦੇ ਭਰਾ ਅਕਸਰ ਉਸ ਨੂੰ ਕੁੱਟ ਵੀ ਦਿੰਦੇ ਸਨ। ਸੋਨਾਕਸ਼ੀ ਦੱਸਦੀ ਹੈ ਕਿ ਮੈਂ ਬਹੁਤ ਹੀ ਖੁਸ਼ਨਸੀਬ ਹਾਂ ਕਿ ਮੇਰੀ ਅਤੇ ਮੇਰੇ ਭਰਾਵਾਂ ਦੀ ਪਾਲਣਾ-ਪੋਸ਼ਣਾ ਵਿਚ ਕੋਈ ਫਰਕ ਨਹੀਂ ਰੱਖਿਆ ਗਿਆ।

Tags: ਸੋਨਾਕਸ਼ੀਹਿੰਮਤਅਕੀਰਾsonakshiakiracourage