FacebookTwitterg+Mail

ਰੋਮਾਂਸ ਤੇ ਕਾਮੇਡੀ ਦਾ ਡਬਲ ਡੋਜ਼ 'ਸੋਨੂੰ ਕੇ ਟੀਟੂ ਕੀ ਸਵੀਟੀ'

sonu ke titu ki sweety
19 February, 2018 01:35:57 PM

ਮੁੰਬਈ(ਬਿਊਰੋ)— ਤੁਹਾਨੂੰ ਫਿਲਮ 'ਪਿਆਰ ਕਾ ਪੰਚਨਾਮਾ' ਤਾਂ ਯਾਦ ਹੋਵੇਗੀ, ਜਿਸ ਨੇ ਸਿਨੇਮਾਘਰਾਂ 'ਚ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦਿੱਤਾ ਸੀ। ਇਸ ਫਿਲਮ ਦੀ ਸਟਾਰ ਕਾਸਟ ਇਕ ਵਾਰ ਮੁੜ ਕਮਬੈਕ ਕਰ ਰਹੀ ਹੈ। ਨਿਰਦੇਸ਼ਕ ਲਵ ਰੰਜਨ ਇਕ ਵਾਰ ਮੁੜ ਕਾਮੇਡੀ ਤੇ ਰੋਮਾਂਸ ਦਾ ਜ਼ਬਰਦਸਤ ਤੜਕਾ ਲੈ ਕੇ ਆ ਰਹੇ ਹਨ। ਫਿਲਮ ਦਾ ਨਾਂ ਹੈ 'ਸੋਨੂੰ ਕੇ ਟੀਟੂ ਕੀ ਸਵੀਟੀ'। ਇਸ 'ਚ ਬ੍ਰੋਮਾਂਸ ਤੇ ਰੋਮਾਂਸ ਦੀ ਸਿੱਧੀ ਟੱਕਰ ਹੈ। ਫਿਲਮ 'ਚ ਕਾਰਤਿਕ ਆਰੀਅਨ, ਨੁਸਰਤ ਭਰੂਚਾ ਤੇ ਸਨੀ ਸਿੰਘ ਅਹਿਮ ਕਿਰਦਾਰ ਨਿਭਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਆਲੋਕ ਨਾਥ ਵੀ ਦਿਲਚਸਪ ਕਿਰਦਾਰ 'ਚ ਨਜ਼ਰ ਆਉਣਗੇ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਹਨੀ ਸਿੰਘ ਨੇ ਵੀ ਇਸ ਫਿਲਮ 'ਚ 'ਦਿਲ ਚੋਰੀ ਸਾਡਾ ਹੋ ਗਿਆ' ਗਾਣੇ ਨਾਲ ਕਮਬੈਕ ਕੀਤਾ ਹੈ। ਫਿਲਮ 23 ਫਰਵਰੀ ਨੂੰ  ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਕਾਰਤਿਕ ਆਰੀਅਨ, ਸਨੀ ਸਿੰਘ ਤੇ ਨੁਸਰਤ ਨੇ ਨਵੋਦਿਆ ਟਾਈਮਜ਼/ ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼
ਦੋ ਦੋਸਤਾਂ ਕੀ ਕਹਾਣੀ ਹੈ : ਕਾਰਤਿਕ ਆਰੀਅਨ
ਫਿਲਮ ਦੀ ਕਹਾਣੀ ਦੋ ਦੋਸਤਾਂ ਸੋਨੂੰ ਤੇ ਟੀਟੂ ਦੀ ਦੋਸਤੀ 'ਤੇ ਆਧਾਰਿਤ ਹੈ। ਟੀਟੂ ਨੂੰ ਸਵੀਟੀ ਦੇ ਰੂਪ 'ਚ ਗਰਲਫ੍ਰੈਂਡ ਮਿਲ ਜਾਂਦੀ ਹੈ ਅਤੇ ਉਹ ਉਸ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਂਦਾ ਹੈ ਪਰ ਦੂਜਾ ਦੋਸਤ ਸੋਨੂੰ ਆਪਣੇ ਜਿਗਰੀ ਦੋਸਤ ਦੀ ਗਰਲਫ੍ਰੈਂਡ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ ਕਿਉਂਕਿ ਸਵੀਟੀ ਲੋੜ ਤੋਂ ਵੱਧ ਸਿੱਧੀ ਜਿਹੀ ਕੁੜੀ ਹੈ। ਉਹ ਇਕ ਚੰਗੀ ਬੇਟੀ ਹੈ ਅਤੇ ਪਰਫੈਕਟ ਗਰਲਫ੍ਰੈਂਡ ਵੀ ਹੈ। ਉਹ ਇੰਨੀ ਚੰਗੀ ਹੈ ਕਿ ਸੋਨੂੰ ਨੂੰ ਉਸ 'ਤੇ ਸ਼ੱਕ ਹੁੰਦਾ ਹੈ ਕਿ ਕੁਝ ਤਾਂ ਗੜਬੜ ਹੈ। ਕੋਈ ਇੰਨਾ ਚੰਗਾ ਕਿਵੇਂ ਹੋ ਸਕਦਾ ਹੈ। ਉਸ ਨੂੰ ਲੱਗਦਾ ਹੈ ਕਿ ਦਾਲ 'ਚ ਜ਼ਰੂਰ ਕੁਝ ਕਾਲਾ ਹੈ। ਉਥੇ ਟੀਟੂ ਦੀ ਗਰਲਫ੍ਰੈਂਡ ਨੂੰ ਜਦੋਂ ਇਸ ਗੱਲ ਦੀ ਭਿਣਕ ਲੱਗਦੀ ਹੈ ਕਿ ਸੋਨੂੰ ਉਸ ਦੇ ਦੋਸਤ 'ਤੇ ਕੁਝ ਵਧ ਹੀ ਹੱਕ ਜਤਾਉਂਦਾ ਹੈ ਤਾਂ ਸੋਨੂੰ ਅਤੇ ਸਵੀਟੀ 'ਚ ਟੱਕਰ ਹੁੰਦੀ ਹੈ।
ਕੁਝ ਇੰਝ ਹੈ ਸੋਨੂੰ-ਟੀਟੂ ਦਾ ਰਿਸ਼ਤਾ
ਫਿਲਮ 'ਚ ਸੋਨੂੰ ਭਾਵ ਮੈਂ ਆਪਣੀ ਜ਼ਿੰਦਗੀ ਨੂੰ ਲੈ ਕੇ ਇਕਦਮ ਫੋਕਸ ਹਾਂ। ਮੈਨੂੰ ਆਪਣੇ ਦੋਸਤ ਟੀਟੂ ਦਾ ਵੀ ਪਤਾ ਹੈ ਕਿ ਉਸ ਲਈ ਕੀ ਠੀਕ ਹੈ ਤੇ ਕੀ ਗਲਤ ਹੈ। ਹਰ ਕਿਸੇ ਦੀ ਜ਼ਿੰਦਗੀ 'ਚ ਇਕ ਅਜਿਹਾ ਦੋਸਤ ਹੁੰਦਾ ਹੈ ਜਿਸ ਨਾਲ ਉਹ ਸਭ ਕੁਝ ਸਾਂਝਾ ਕਰਦਾ ਹੈ। ਇਹੀ ਨਹੀਂ, ਹਰ ਗੱਲ ਦਾ ਜਵਾਬ ਪਤਾ ਹੁੰਦੇ ਹੋਏ ਵੀ ਉਹ ਉਸ ਕੋਲੋਂ ਸਭ ਕੁਝ ਪੁੱਛਦਾ ਹੈ। ਅਜਿਹਾ ਹੀ ਸੋਨੂੰ ਤੇ ਟੀਟੂ ਦਾ ਰਿਸ਼ਤਾ ਹੈ। ਜਿਵੇਂ ਇਸ ਵਾਰ ਮੈਂ ਹਰ ਵਾਰ ਨਾਲੋਂ ਵੱਧ ਬੋਲਦਾ ਨਜ਼ਰ ਆਵਾਂਗਾ।
ਬਹੁਤ ਮਿਹਨਤ ਕੀਤੀ ਇਥੋਂ ਤਕ ਪਹੁੰਚਣ ਲਈ
ਮੈਂ ਹਮੇਸ਼ਾ ਤੋਂ ਐਕਟਰ ਬਣਨਾ ਚਾਹੁੰਦਾ ਸੀ ਪਰ ਇਹ ਗੱਲ ਘਰ 'ਚ ਕਿਸੇ ਨੂੰ ਦੱਸਣ ਤੋਂ ਡਰਦਾ ਸੀ। ਮੈਨੂੰ ਲੱਗਦਾ ਸੀ ਕਿ ਘਰ ਵਾਲੇ ਕੀ ਸੋਚਣਗੇ? ਫਿਰ ਮੈਂ ਪੜ੍ਹਾਈ ਦੇ ਬਹਾਨੇ ਮੁੰਬਈ ਪਹੁੰਚਿਆ ਤੇ ਉਥੇ ਇਕ ਕਾਲਜ 'ਚ ਦਾਖਲਾ ਲਿਆ। ਉਥੇ ਪੜ੍ਹਾਈ ਕਰਨ ਦੀ ਬਜਾਏ ਆਡੀਸ਼ਨ ਲਈ ਜਾਂਦਾ ਹੁੰਦਾ ਸੀ। ਉਸ ਸਮੇਂ ਫੇਸਬੁੱਕ ਤੇ ਇੰਟਰਨੈੱਟ 'ਤੇ ਆਡੀਸ਼ਨ ਬਾਰੇ ਹੀ ਸਰਚ ਕਰਦਾ ਸੀ। ਮੈਂ ਸਿਰਫ ਇਹੀ ਸੋਚਦਾ ਹੁੰਦਾ ਸੀ ਕਿ ਕਿਤੇ ਇਕ ਮੌਕਾ ਮਿਲ ਜਾਵੇ। ਉਸ ਦੌਰਾਨ ਕਈ ਵਾਰ ਅਸਫਲਤਾ ਮਿਲਣ ਕਾਰਨ ਮੈਂ ਹਾਰ ਮੰਨ ਲੈਂਦਾ ਸੀ। ਕਈ ਵਾਰ ਮਨ 'ਚ ਆਉਂਦਾ ਸੀ ਕਿ ਘਰ ਚਲਾ ਜਾਵਾਂ ਪਰ ਫਿਰ ਆਪਣੇ ਆਪ ਨੂੰ ਸਮਝਾ ਲੈਂਦਾ ਸੀ।
ਅੱਜ ਦੇ ਸਮੇਂ 'ਤੇ ਆਧਾਰਿਤ ਹੈ ਫਿਲਮ : ਸਨੀ ਸਿੰਘ
ਫਿਲਮ ਅੱਜ ਦੇ ਸਮੇਂ 'ਤੇ ਆਧਾਰਿਤ ਹੈ। ਅੱਜ ਦੇ ਸਮੇਂ 'ਚ ਇਕ ਦੋਸਤ ਪਰਿਵਾਰ ਦੇ ਮੈਂਬਰ ਵਾਂਗ ਹੁੰਦਾ ਹੈ। ਇੰਝ ਹੀ ਫਿਲਮ ਵਿਚ ਵੀ ਦਿਖਾਇਆ ਗਿਆ। ਵਿਆਹ ਦੇ ਸਮੇਂ ਵੀ ਇਕ ਮੁੰਡਾ ਪਰਿਵਾਰ ਤੇ ਹੋਣ ਵਾਲੀ ਪਤਨੀ ਵਿਚਾਲੇ ਫਸ ਜਾਂਦਾ ਹੈ। ਉਸ ਨੂੰ ਸਮਝ 'ਚ ਨਹੀਂ ਆਉਂਦਾ ਸੀ ਕਿ ਉਹ ਆਪਣੇ ਪਰਿਵਾਰ ਦੀ ਸੁਣੇ ਜਾਂ ਹੋਣ ਵਾਲੀ ਪਤਨੀ ਦੀ। ਇਥੇ ਇਸ ਫਿਲਮ 'ਚ ਸਭ ਕੁਝ ਉਲਟਾ ਹੈ। ਇਥੇ ਮੇਰੇ ਪਰਿਵਾਰ ਨੂੰ ਅਤੇ ਮੇਰੀ ਹੋਣ ਵਾਲੀ ਪਤਨੀ (ਸਵੀਟੀ) ਦੇ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਪਰ ਮੇਰੇ ਦੋਸਤ (ਸੋਨੂੰ) ਨੂੰ ਬਹੁਤ ਮੁਸ਼ਕਿਲ ਹੈ। ਉਹ ਮੇਰਾ ਵਿਆਹ ਹੋਣ ਦੇਵੇਗਾ ਜਾਂ ਨਹੀਂ ਇਹ ਤਾਂ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ।
ਬਤੌਰ ਨਿਰਦੇਸ਼ਕ ਇਕਦਮ ਪਰਫੈਕਟ ਹੈ ਲਵ ਰੰਜਨ
ਬਤੌਰ ਨਿਰਦੇਸ਼ਕ ਲਵ ਰੰਜਨ ਇਕਦਮ ਪਰਫੈਕਟ ਹੈ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਕੋਲੋਂ ਕਿਵੇਂ ਕੰਮ ਕਰਵਾਉਣਾ ਹੈ। ਉਨ੍ਹਾਂ ਦੇ ਸਮਝਾਉਣ ਦਾ ਤਰੀਕਾ ਅਜਿਹਾ ਹੁੰਦਾ ਹੈ ਕਿ ਕੋਈ ਵੀ ਕਲਾਕਾਰ ਆਸਾਨੀ ਨਾਲ ਸਮਝ ਜਾਂਦਾ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਉਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਬਹੁਤ ਰੁੱਝੇ ਹੋਣ ਦੇ ਬਾਵਜੂਦ ਸਭ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹਨ।
ਇਕ ਮਿਸਾਲ ਹੈ ਸੋਨੂੰ-ਟੀਟੂ ਦੀ ਦੋਸਤੀ
ਆਮ ਤੌਰ 'ਤੇ ਲੋਕ ਜਿਸ ਤਰ੍ਹਾਂ ਦੀ ਦੋਸਤੀ ਦੀ ਮਿਸਾਲ ਦਿੰਦੇ ਹਨ, ਫਿਲਮ 'ਚ ਸੋਨੂੰ-ਟੀਟੂ ਦੀ ਦੋਸਤੀ ਵੀ ਉਹੋ ਜਿਹੀ ਹੈ। ਇਸ ਵਾਰ ਮੈਂ ਬਹੁਤ ਵੱਖ ਨਜ਼ਰ ਆਉਣ ਵਾਲਾ ਹਾਂ। ਸੰਸਕਾਰੀ ਮੁੰਡਾ ਹਾਂ, ਕਾਰਤਿਕ ਨਾਲ ਨਿੱਜੀ ਤੌਰ 'ਤੇ ਕਾਫੀ ਗੱਲਾਂ ਸ਼ੇਅਰ ਕਰਦਾ ਹਾਂ। ਉਹ ਬਿਲਕੁਲ ਪਰਿਵਾਰ ਦੇ ਮੈਂਬਰ ਵਾਂਗ ਹੈ।
ਸਵੀਟੀ ਦਾ ਕਿਰਦਾਰ ਨਿਭਾ ਰਹੀ ਹਾਂ : ਨੁਸਰਤ ਭਰੂਚਾ
ਇਸ ਫਿਲਮ 'ਚ ਮੇਰਾ ਕਿਰਦਾਰ ਸਵੀਟੀ ਦਾ ਹੈ। ਫਿਲਮ 'ਚ ਟੀਟੂ ਜਿਸ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ, ਉਹ ਮੈਨੂੰ ਵੀ ਪਸੰਦ ਕਰਦਾ ਹੈ। ਟੀਟੂ ਦਾ ਪਰਿਵਾਰ ਵੀ ਮੈਨੂੰ ਬਹੁਤ ਪਸੰਦ ਕਰਦਾ ਹੈ ਪਰ ਸੋਨੂੰ ਵਿਚਾਲੇ ਆ ਜਾਂਦਾ ਹੈ ਜਿਸ ਨੂੰ ਮੈਂ ਪਸੰਦ ਨਹੀਂ। ਇਸੇ 'ਤੇ ਫਿਲਮ ਦੀ ਦਿਲਚਸਪ ਕਹਾਣੀ ਆਧਾਰਿਤ ਹੈ।
'ਨੁਸਰਤ ਲਈ ਮੁੰਡਾ ਅਜਿਹਾ ਹੋਵੇ, ਜੋ ਉਸ ਦਾ ਸਤਿਕਾਰ ਕਰੇ'
ਕਾਰਤਿਕ ਕੋਲੋਂ ਜਦੋਂ ਪੁੱਛਿਆ ਗਿਆ ਕਿ ਅਸਲ ਜ਼ਿੰਦਗੀ 'ਚ ਸਨੀ ਲਈ ਕਿਹੋ ਜਿਹੀ ਕੁੜੀ ਹੋਣੀ ਚਾਹੀਦੀ ਹੈ ਤਾਂ ਉਨ੍ਹਾਂ ਕਿਹਾ ਕਿ ਸਨੀ ਲਈ ਪਰਿਵਾਰਕ ਕੁੜੀ ਹੋਣੀ ਚਾਹੀਦੀ ਹੈ। ਸਨੀ ਸਭ ਨਾਲ ਇੱਜ਼ਤ ਨਾਲ ਗੱਲਬਾਤ ਕਰਦਾ ਹੈ, ਇਸ ਲਈ ਕੁੜੀ ਵੀ ਅਜਿਹੀ ਹੋਵੇ ਜੋ ਸਭ ਨਾਲ ਸਤਿਕਾਰ ਨਾਲ ਗੱਲਬਾਤ ਕਰੇ ਤੇ ਸਾਰੀ ਉਮਰ ਸਾਥ ਨਿਭਾਉਣ ਵਾਲੀ ਹੋਵੇ। ਜਦੋਂ ਸਨੀ ਕੋਲੋਂ ਪੁੱਛਿਆ ਗਿਆ ਕਿ ਕਾਰਤਿਕ ਲਈ ਕਿਹੋ ਜਿਹੀ ਲਾੜੀ ਹੋਣੀ ਚਾਹੀਦੀ ਹੈ ਤਾਂ ਉਸ ਨੇ ਕਿਹਾ ਕਿ ਕਾਰਤਿਕ ਹਮੇਸ਼ਾ ਹੱਸਦਾ ਰਹਿੰਦਾ ਹੈ, ਇਸ ਲਈ ਉਸ ਦੀ ਹੋਣ ਵਾਲੀ ਪਤਨੀ ਵੀ ਖੁਸ਼ਮਿਜਾਜ਼ ਹੋਣੀ ਚਾਹੀਦੀ ਹੈ। ਸੰਸਕਾਰੀ ਤੇ ਪਰਿਵਾਰ ਦੇ ਮੈਂਬਰਾਂ ਸਬੰਧੀ ਸੋਚਣ ਵਾਲੀ ਹੋਣੀ ਚਾਹੀਦੀ ਹੈ। ਇੰਨਾ ਹੀ ਨਹੀਂ ਜਦੋਂ ਦੋਵਾਂ ਕੋਲੋਂ ਪੁੱਛਿਆ ਗਿਆ ਕਿ ਨੁਸਰਤ ਲਈ ਕਿਹੋ ਜਿਹਾ ਮੁੰਡਾ ਪਰਫੈਕਟ ਰਹੇਗਾ ਤਾਂ ਉਨ੍ਹਾਂ ਕਿਹਾ, ''ਨੁਸਰਤ ਲਈ ਮੁੰਡਾ ਇਹੋ ਜਿਹਾ ਹੋਵੇ ਜੋ ਉਸ ਦੀ ਕਦਰ ਕਰੇ ਤੇ ਉਸ ਦੇ ਕੰਮ ਦਾ ਸਤਿਕਾਰ ਕਰੇ।''


Tags: Sonu Ke Titu Ki SweetyKartik AaryanNushrat BharuchaSunny SinghLuv Ranjan Pyaar Ka Punchnama Akaash Vani

Edited By

Sunita

Sunita is News Editor at Jagbani.