FacebookTwitterg+Mail

ਸਾਡੇ ਪਰਿਵਾਰ ਨੂੰ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਤੇ ਮਾਣ : ਕੁਲਵੰਤ ਕੌਰ

subedar joginder singh
04 April, 2018 09:52:02 AM

6 ਅਪ੍ਰੈਲ ਨੂੰ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਦੁਸ਼ਮਣਾਂ ਨਾਲ ਮੁਕਾਬਲਾ ਕੀਤਾ ਸੀ। ਫਿਲਮ 'ਚ ਗਿੱਪੀ ਗਰੇਵਾਲ ਸੂਬੇਦਾਰ ਜੋਗਿੰਦਰ ਸਿੰਘ ਦੀ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਬੇਟੀ ਕੁਲਵੰਤ ਕੌਰ ਨਾਲ ਸਾਡੀ ਪ੍ਰਤੀਨਿਧੀ ਹਰਲੀਨ ਕੌਰ ਵਲੋਂ ਖਾਸ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਕੁਲਵੰਤ ਕੌਰ ਨੇ ਸੂਬੇਦਾਰ ਜੋਗਿੰਦਰ ਸਿੰਘ ਜੀ ਦੀ ਜ਼ਿੰਦਗੀ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼
ਕਿਸ ਤਰ੍ਹਾਂ ਦਾ ਮਹਿਸੂਸ ਹੋਇਆ, ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਪਿਤਾ ਜੀ ਦੀ ਜ਼ਿੰਦਗੀ 'ਤੇ ਫਿਲਮ ਬਣ ਰਹੀ ਹੈ?
ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਸਾਡੇ ਪਰਿਵਾਰ ਨੂੰ ਇਸ ਫਿਲਮ 'ਤੇ ਮਾਣ ਹੈ। ਸਾਡੇ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਵੀ ਹੈ ਕਿ ਇੰਨੇ ਸਾਲਾਂ ਬਾਅਦ ਪਿਤਾ ਜੀ ਦੀ ਜ਼ਿੰਦਗੀ 'ਤੇ ਫਿਲਮ ਬਣੀ ਹੈ। ਉਨ੍ਹਾਂ ਦੀ ਬਹਾਦਰੀ ਤੇ ਸ਼ਹੀਦੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪਰ ਹੁਣ ਫਿਲਮ ਰਾਹੀਂ ਪੂਰੇ ਪੰਜਾਬ ਨੂੰ ਪਤਾ ਲੱਗੇਗਾ।
ਤੁਸੀਂ ਕਿੰਨਾ ਸਮਾਂ ਸੂਬੇਦਾਰ ਜੋਗਿੰਦਰ ਸਿੰਘ ਜੀ ਦੇ ਨਾਲ ਰਹੇ?
ਮੈਂ ਸਿਰਫ 8 ਮਹੀਨਿਆਂ ਦੀ ਸੀ, ਉਦੋਂ ਤਾਂ ਮੈਂ ਹੋਸ਼ 'ਚ ਵੀ ਨਹੀਂ ਸੀ। ਮੇਰੇ ਤੋਂ ਵੱਡੀ ਮੇਰੀ ਭੈਣ ਸੀ, ਜੋ ਉਦੋਂ ਛੇਵੀਂ 'ਚ ਪੜ੍ਹਦੀ ਸੀ ਤੇ ਮੇਰਾ ਭਰਾ ਮੇਰੇ ਨਾਲੋਂ 10 ਸਾਲ ਵੱਡਾ ਸੀ। ਮੈਂ ਸਾਰਿਆਂ ਤੋਂ ਛੋਟੀ ਸੀ।
ਉਨ੍ਹਾਂ ਬਾਰੇ ਬਾਕੀਆਂ ਕੋਲੋਂ ਕੀ-ਕੀ ਸੁਣਿਆ ਹੈ ਤੁਸੀਂ?
ਮੇਰੀ ਮਾਤਾ ਜੀ ਦੱਸਦੇ ਸਨ ਕਿ ਜਦੋਂ ਉਹ ਛੁੱਟੀ 'ਤੇ ਆਏ ਸਨ ਤਾਂ ਮੇਰੀ ਭੂਆ ਜੀ ਦਾ ਵਿਆਹ ਸੀ। ਵਿਆਹ ਦੌਰਾਨ ਹੀ ਉਨ੍ਹਾਂ ਨੂੰ ਫੌਜ ਤੋਂ ਤਾਰ (ਚਿੱਠੀ) ਆ ਗਈ ਕਿ ਜੰਗ ਲੱਗ ਚੁੱਕੀ ਹੈ ਤੇ ਵਾਪਸ ਜਾਣਾ ਜ਼ਰੂਰੀ ਹੈ। ਉਹ ਵਿਆਹ ਵਿਚਾਲੇ ਛੱਡ ਕੇ ਹੀ ਵਾਪਸ ਚਲੇ ਗਏ।
ਫਿਲਮ ਦਾ ਟਰੇਲਰ ਤੁਹਾਨੂੰ ਤੇ ਬਾਕੀ ਪਰਿਵਾਰ ਨੂੰ ਕਿਸ ਤਰ੍ਹਾਂ ਦਾ ਲੱਗਾ?
ਸਾਰਿਆਂ ਨੂੰ ਹੀ ਟਰੇਲਰ ਦੇਖ ਕੇ ਬਹੁਤ ਖੁਸ਼ੀ ਹੋਈ। ਇਸ ਫਿਲਮ ਦੇ ਬਣਨ ਨਾਲ ਸਾਰੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਗਿੱਪੀ ਗਰੇਵਾਲ ਹੂ-ਬ-ਹੂ ਮੇਰੇ ਪਿਤਾ ਸੂਬੇਦਾਰ ਜੋਗਿੰਦਰ ਸਿੰਘ ਵਾਂਗ ਲੱਗ ਰਹੇ ਹਨ।
ਫੌਜੀਆਂ 'ਤੇ ਆਧਾਰਿਤ ਇਹ ਫਿਲਮ ਹੈ। ਉਨ੍ਹਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਫਿਲਮ ਦੇਖ ਕੇ ਫੌਜ 'ਚ ਭਰਤੀ ਹੋਏ ਨਵੇਂ ਸਿਪਾਹੀਆਂ ਦਾ ਵੀ ਹੌਸਲਾ ਵਧੇਗਾ। ਨਵੀਂ ਪੀੜ੍ਹੀ ਨੂੰ ਵੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਸੂਬੇਦਾਰ ਜੋਗਿੰਦਰ ਸਿੰਘ ਜੀ ਨੇ ਦੇਸ਼ ਖਾਤਿਰ ਸ਼ਹੀਦੀ ਪ੍ਰਾਪਤ ਕੀਤੀ। ਇਹੀ ਨਹੀਂ, ਫਿਲਮ ਦੇਖਣ ਤੋਂ ਬਾਅਦ ਉਨ੍ਹਾਂ 'ਚ ਨਵਾਂ ਜੋਸ਼ ਵੀ ਪੈਦਾ ਹੋਵੇਗਾ।
ਪਿਤਾ ਦੀ ਸ਼ਹਾਦਤ ਤੋਂ ਬਾਅਦ ਤੁਹਾਡੀ ਮਾਤਾ ਜੀ ਨੂੰ ਕਿੰਨੀਆਂ ਕੁ ਮੁਸ਼ਕਿਲਾਂ ਆਈਆਂ?
ਪਿਤਾ ਜੀ ਦੀ ਮੌਤ ਤੋਂ ਬਾਅਦ ਮਾਂ ਨੇ ਸਾਨੂੰ ਬੜੀ ਮੁਸ਼ਕਿਲ ਨਾਲ ਪਾਲ਼ਿਆ ਸੀ। ਸਾਡੇ ਦਾਦੇ-ਦਾਦੀ ਨੇ ਜ਼ਿਆਦਾ ਮਦਦ ਨਹੀਂ ਕੀਤੀ। ਮੇਰੇ ਮਾਮਾ ਜੀ ਨੇ ਸਾਡੀ ਦੇਖਭਾਲ ਕੀਤੀ। ਸਰਕਾਰ ਨੇ ਸਾਨੂੰ ਸਿਰਫ 10 ਹਜ਼ਾਰ ਰੁਪਏ ਦਿੱਤੇ ਸਨ। ਉਸ ਤੋਂ ਬਾਅਦ ਜੋ ਕੁਝ ਉਨ੍ਹਾਂ ਨੇ ਕਿਹਾ ਸੀ, ਉਹ ਕੁਝ ਨਹੀਂ ਮਿਲਿਆ।
ਜੰਗ 'ਤੇ ਜਾਣ ਤੋਂ ਪਹਿਲਾਂ ਤੁਹਾਡੇ ਪਿਤਾ ਜੀ ਦੇ ਆਖਰੀ ਸ਼ਬਦ ਕੀ ਸਨ?
ਮਾਤਾ ਜੀ ਨੇ ਜੰਗ 'ਤੇ ਜਾਣ ਤੋਂ ਪਹਿਲਾਂ ਪਿਤਾ ਜੀ ਨੂੰ ਕਿਹਾ ਸੀ ਕਿ ਤੁਹਾਡੇ ਜਾਣ ਤੋਂ ਬਾਅਦ ਬੱਚਿਆਂ ਨੂੰ ਕੌਣ ਸੰਭਾਲੇਗਾ ਤਾਂ ਪਿਤਾ ਜੀ ਨੇ ਕਿਹਾ ਸੀ ਕਿ ਇਨ੍ਹਾਂ ਦਾ ਤਾਂ ਪ੍ਰਮਾਤਮਾ ਨੂੰ ਵੀ ਫਿਕਰ ਹੈ।
ਫਿਲਮ ਬਾਰੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ?
ਮੈਂ ਤਾਂ ਇਹੀ ਕਹਾਂਗੀ ਕਿ ਸਾਰੇ ਲੋਕ ਆਪਣੇ ਪਰਿਵਾਰ ਨਾਲ ਫਿਲਮ ਦੇਖਣ ਜਾਣ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਸੂਬੇਦਾਰ ਜੋਗਿੰਦਰ ਸਿੰਘ ਜੀ ਨੇ ਜੰਗ ਦੇ ਮੈਦਾਨ 'ਤੇ ਦੁਸ਼ਮਣਾਂ ਨਾਲ ਮੁਕਾਬਲਾ ਕੀਤਾ।


Tags: Subedar Joginder SinghGippy GrewalAditi SharmaIndian Army

Edited By

Sunita

Sunita is News Editor at Jagbani.