FacebookTwitterg+Mail

ਗੀਤ 'ਜੱਟ ਯਮਲਾ' ਨਾਲ ਨਵੇਂ ਵਿਵਾਦ 'ਚ ਘਿਰੀ ਸੁਨੰਦਾ ਸ਼ਰਮਾ

12 January, 2017 02:34:55 PM
ਜਲੰਧਰ— ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ 10 ਜਨਵਰੀ ਨੂੰ ਰਿਲੀਜ਼ ਹੋਏ ਨਵੇਂ ਗੀਤ 'ਜੱਟ ਯਮਲਾ' ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਅਸਲ 'ਚ ਇਸ ਗੀਤ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਕਲੀ ਰੋਲ ਅਦਾ ਕੀਤਾ ਗਿਆ ਹੈ, ਜੋ ਸਿੱਖ ਸਿਧਾਂਤਾਂ ਦੇ ਖਿਲਾਫ ਹੈ। ਇਸ ਗੀਤ 'ਚ ਨਕਲੀ ਵਿਆਹ ਦੌਰਾਨ ਲੋਕਾਂ ਨੂੰ ਸੰਗਤ ਬਣਾ ਕੇ ਬਿਠਾਇਆ ਗਿਆ ਹੈ ਤੇ ਪਾਲਕੀ ਰੱਖ ਕੇ, ਅੱਗੇ ਗ੍ਰੰਥੀ ਸਿੰਘ ਨੂੰ ਬਿਠਾ ਕੇ ਚੌਰ ਕਰਦੇ ਦਿਖਾਇਆ ਗਿਆ ਹੈ। ਵਿਵਾਦ ਵਾਲੀ ਗੱਲ ਇਹ ਹੈ ਕਿ ਪਾਲਕੀ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਭਰਮ ਪਾਉਂਦਿਆਂ ਖਾਲੀ ਪਾਲਕੀ 'ਤੇ ਚੌਰ ਲੈਂਦੇ ਦਿਖਾਇਆ ਗਿਆ ਹੈ। ਵਿਆਹ ਵਾਲੀ ਜੋੜੀ ਨੂੰ ਉਸ ਪਾਲਕੀ ਦੁਆਲੇ ਲਾਵਾਂ ਲੈਂਦੇ ਦਿਖਾਇਆ ਗਿਆ ਹੈ। ਇਹ ਜੋੜੀ ਪਾਲਕੀ ਨੂੰ ਮੱਥਾ ਵੀ ਟੇਕਦੀ ਹੈ।
ਇਸ ਗਾਣੇ ਦਾ ਸਿੱਖ ਭਾਈਚਾਰੇ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਤਰਕ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਜਾਗਤ-ਜੋਤ ਸ਼ਬਦ ਗੁਰੂ ਵਜੋਂ ਮੰਨਦੇ ਹਨ ਅਤੇ ਆਪਣੇ ਗੁਰੂ ਦੀ ਦੀ ਬੇਅਦਬੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਸੱਭਿਆਚਾਰ ਜਾਂ ਇਤਿਹਾਸ ਨੂੰ ਦੇਖੀਏ ਤਾਂ ਪਾਲਕੀ ਨੂੰ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਮਾਨ ਲਈ ਵਰਤਿਆ ਜਾਂਦਾ ਹੈ ਤੇ ਚੌਰ ਸਿਰਫ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ 'ਚ ਹੀ ਝੁਲਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਬਿਨਾਂ ਮਤਲਬ ਕਿਸੇ ਹੋਰ ਕੰਮ ਲਈ ਜਾਂ ਐਕਟਿੰਗ ਦੇ ਤੌਰ 'ਤੇ ਨਹੀਂ ਵਰਤਿਆ ਜਾ ਸਕਦਾ ਅਤੇ ਸਿੱਖ ਗੁਰੂਆਂ ਸਮੇਤ ਸ਼ਬਦ ਗੁਰੂ ਦੀ ਨਕਲ ਕੀਤੇ ਜਾਣਾ ਵੀ ਮਰਿਆਦਾ ਦੀ ਉਲੰਘਣਾ ਮੰਨੀ ਜਾਂਦੀ ਹੈ। ਕਾਇਦੇ ਮੁਤਾਬਕ ਕਿਸੇ ਵੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਾਨੂੰਨ ਜੁਰਮ ਮੰਨਿਆ ਜਾਂਦਾ ਹੈ। ਸੁਨੰਦਾ ਸ਼ਰਮਾ ਵੱਲੋਂ ਗਾਏ ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ। ਪਿੰਕੀ ਧਾਲੀਵਾਲ ਨੇ ਇਸ ਨੂੰ ਪੇਸ਼ ਕੀਤਾ ਹੈ। ਜਦੋਂਕਿ ਇਸ ਗਾਣੇ ਦੇ ਬੋਲਾਂ, ਗਾਇਕਾ ਦੇ ਪਹਿਰਾਵੇ ਤੇ ਸ਼ੂਟਿੰਗ ਲੋਕੇਸ਼ਨ ਨੂੰ ਸਿੱਖ ਭਾਈਚਾਰੇ ਤੇ ਸਾਰਿਆਂ ਵੱਲੋਂ ਸਰਾਹਿਆ ਜਾ ਰਿਹਾ ਹੈ। ਗਾਣੇ 'ਚੋਂ ਇਸ ਨਕਲੀ ਸੀਨ ਨੂੰ ਜਲਦ ਤੋਂ ਜਲਦ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।

Tags: ਸੁਨੰਦਾ ਸ਼ਰਮਾਜੱਟ ਯਮਲਾਨਵਾਂ ਵਿਵਾਦSunanda SharmaJatt Yamlanew controversy