FacebookTwitterg+Mail

ਕਪਿਲ ਨੇ 100ਵੇਂ ਐਪੀਸੋਡ 'ਚ ਕੀਤਾ ਸੁਨੀਲ ਦਾ ਧੰਨਵਾਦ ਤਾਂ ਇਹ ਮਿਲਿਆ ਜਵਾਬ!

sunil grover kapil sharma
24 April, 2017 10:32:09 PM
ਮੁੰਬਈ— ਕਾਮੇਡੀਅਨ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਕਪਿਲ ਸ਼ਰਮਾ ਲਈ ਕੱਲ ਦਾ ਦਿਨ ਬੇਹੱਦ ਹੀ ਖਾਸ ਰਿਹਾ। ਕਪਿਲ ਸ਼ਰਮਾ ਦੇ ਸ਼ੋਅ ਨੇ 100 ਐਪੀਸੋਡ ਪੂਰੇ ਕਰ ਲਏ ਹਨ। ਇਸ ਖਾਸ ਮੌਕੇ 'ਤੇ ਕਪਿਲ ਸ਼ਰਮਾ ਨੇ ਆਪਣੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਅਦਾ ਕੀਤਾ। ਸੋਨੀ ਟੀ. ਵੀ. 'ਤੇ ਕੱਲ ਕਪਿਲ ਦੇ ਸ਼ੋਅ ਦਾ 100ਵਾਂ ਐਪੀਸੋਡ ਪ੍ਰਸਾਰਿਤ ਹੋਇਆ। ਇਸ ਮੌਕੇ ਕਪਿਲ ਨੇ ਕਿਹਾ, 'ਜਿਹੜੇ ਵੀ ਲੋਕ ਸਾਡੇ ਸ਼ੋਅ 'ਤੇ ਆਏ ਹਨ, ਉਨ੍ਹਾਂ ਸਾਰਿਆਂ ਦਾ ਧੰਨਵਾਦ, ਟੀਮ ਦੇ ਸਾਰੇ ਸਾਥੀਆਂ ਦਾ ਧੰਨਵਾਦ, ਜਿਹੜੇ ਲੋਕ ਸਾਡੇ ਨਾਲ ਹਨ ਜਾਂ ਜਿਹੜੇ ਲੋਕ ਹੁਣ ਸਾਡੇ ਨਾਲ ਨਹੀਂ ਹਨ, ਉਨ੍ਹਾਂ ਦਾ ਵੀ ਧੰਨਵਾਦ।'
ਸਾਫ ਤੌਰ 'ਤੇ ਇਸ ਗੱਲ ਨਾਲ ਕਪਿਲ ਸ਼ਰਮਾ ਆਪਣੇ ਸਾਥੀ ਰਹੇ ਸੁਨੀਲ ਗਰੋਵਰ ਤੇ ਚੰਦਨ ਪ੍ਰਭਾਕਰ ਨੂੰ ਧੰਨਵਾਦ ਕਹਿ ਰਹੇ ਸਨ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਵੀ ਇਕ ਵਾਰ ਮੁੜ ਸੁਨੀਲ ਗਰੋਵਰ ਨੂੰ ਸ਼ੋਅ 'ਚ ਵਾਪਸ ਆਉਣ ਦੀ ਅਪੀਲ ਕੀਤੀ। ਸਿੱਧੂ ਨੇ ਕਿਹਾ, 'ਇਹ ਸ਼ੋਅ ਇਕ ਗੁਲਦਸਤਾ ਹੈ, ਇਸ ਨੂੰ ਕਦੇ ਅਲੱਗ ਹੋਣ ਨਾ ਦਿਓ ਕਿਉਂਕਿ ਇਹ ਗੁਲਦਸਤਾ ਨਾ ਹੀ ਮੇਰਾ ਹੈ, ਨਾ ਹੀ ਕਪਿਲ ਦਾ, ਸਗੋਂ ਇਹ ਸਾਰੇ ਫੈਨਜ਼ ਦਾ ਹੈ।'
ਖਬਰਾਂ ਮੁਤਾਬਕ ਸੁਨੀਲ ਗਰੋਵਰ ਨੇ ਵੀ ਕਪਿਲ ਦੇ ਸ਼ੋਅ ਦੇ ਉਨ੍ਹਾਂ 92 ਐਪੀਸੋਡਸ ਨੂੰ ਯਾਦ ਕੀਤਾ ਹੈ, ਜਿਨ੍ਹਾਂ 'ਚ ਉਹ ਮੌਜੂਦ ਰਹੇ। ਇਸ ਮੌਕੇ ਸੁਨੀਲ ਨੇ ਕਿਹਾ ਹੈ, 'ਮੈਂ ਜਿੰਨੇ ਵੀ ਐਪੀਸੋਡ ਕੀਤੇ, ਉਨ੍ਹਾਂ 'ਚ ਬਹੁਤ ਮਜ਼ਾ ਆਇਆ।' ਸੁਨੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਨ 'ਚ ਇਸ ਮੰਚ ਲਈ ਬਹੁਤ ਖਾਸ ਜਗ੍ਹਾ ਹੈ ਕਿਉਂਕਿ ਉਨ੍ਹਾਂ ਨੂੰ ਇਥੋਂ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਰਹੇ ਕਿ ਉਨ੍ਹਾਂ ਨੂੰ ਇਥੇ ਕੰਮ ਕਰਨ ਦਾ ਮੌਕਾ ਮਿਲਿਆ। ਉੁਨ੍ਹਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਇਸ ਮੰਚ ਦੇ ਧੰਨਵਾਦੀ ਰਹਿਣਗੇ।
ਕਪਿਲ ਦੀ ਟੀਮ ਦੇ ਮੈਂਬਰ ਕੀਕੂ ਸ਼ਾਰਦਾ ਨੇ ਵੀ ਇਸ ਮੌਕੇ 'ਤੇ ਟਵੀਟ ਕਰਦਿਆਂ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਸੁਨੀਲ ਗਰੋਵਰ, ਚੰਦਨ ਪ੍ਰਭਾਕਰ ਤੇ ਅਲੀ ਅਸਗਰ ਵੀ ਦਿਖਾਈ ਦੇ ਰਹੇ ਹਨ।

Tags: Sunil Grover Kapil Sharma The Kapil Sharma Show ਸੁਨੀਲ ਗਰੋਵਰ ਕਪਿਲ ਸ਼ਰਮਾ