ਮੁੰਬਈ— ਇਕ ਬੱਚੀ ਨਿਸ਼ਾ ਕੌਰ ਵੈਬਰ ਨੂੰ ਆਪਣੇ ਪਤੀ ਡੈਨੀਅਲ ਵੈਬਰ ਨਾਲ ਗੋਦ ਲੈਣ ਵਾਲੀ ਭਾਰਤੀ-ਕੈਨੇਡੀਆਈ ਅਭਿਨੇਤਰੀ ਸੰਨੀ ਲਿਓਨੀ ਦਾ ਕਹਿਣਾ ਹੈ ਕਿ ਆਪਣੀ ਬੱਚੀ ਦੀ ਪਰਵਰਿਸ਼ ਉਹ ਦੋਵੇਂ ਹਰ ਰੋਜ਼ ਮਿਲ ਕੇ ਕਰ ਰਹੇ ਹਨ।
ਸੰਨੀ ਨੇ ਲੈਕਮੇ ਫੈਸ਼ਨ ਵੀਕ ਵਿੰਟਰ/ਫੈਸਟਿਵ 2017 ਦੌਰਾਨ ਕਿਹਾ, 'ਉਸ ਨੂੰ ਪਾ ਕੇ ਬਹੁਤ ਵਧੀਆ ਲੱਗ ਰਿਹਾ ਹੈ। ਮੈਂ ਤੇ ਡੈਨੀਅਲ ਮਿਲ ਕੇ ਉਸ ਦੀ ਦੇਖਭਾਲ ਕਰਦੇ ਹਾਂ। ਅਸੀਂ ਉਸ ਨੂੰ ਨਵਾਉਂਦੇ ਹਾਂ, ਉਸ ਦੀ ਨੈਪੀ ਬਦਲਦੇ ਹਾਂ ਤੇ ਉਸ ਨੂੰ ਖਾਣਾ ਖਵਾਉਂਦੇ ਹਾਂ। ਜਦੋਂ ਉਹ ਜਾਗਦੀ ਹੈ, ਉਦੋਂ ਅਸੀਂ ਜਾਗਦੇ ਹਾਂ।'
ਉਸ ਨੇ ਕਿਹਾ, 'ਸਾਡੇ ਦੋਵਾਂ ਵਿਚਾਲੇ ਉਸ ਦੇ ਕਮਰੇ 'ਚ ਉਸ ਨੂੰ 'ਗੁਡ ਮਾਰਨਿੰਗ' ਕਹਿਣ ਦੀ ਹੋੜ ਰਹਿੰਦੀ ਹੈ। ਕਦੇ-ਕਦੇ ਕਮਰੇ ਅੰਦਰ ਪਹਿਲਾਂ ਜਾਣ ਲਈ ਅਸੀਂ ਇਕ-ਦੂਜੇ ਨੂੰ ਧੱਕੇ ਵੀ ਦਿੰਦੇ ਹਾਂ। ਅਸੀਂ ਸੱਚ 'ਚ ਬੇਹੱਦ ਖੁਸ਼ ਹਾਂ।'
ਸੰਨੀ ਨੇ ਮਹਾਰਾਸ਼ਟਰਾ ਦੇ ਲਾਤੂਰ ਤੋਂ ਬੱਚੀ ਨੂੰ ਗੋਦ ਲਿਆ ਹੈ ਤੇ ਇਸ ਪ੍ਰਕਿਰਿਆ 'ਚ ਉਸ ਨੂੰ ਦੋ ਸਾਲ ਲੱਗ ਗਏ। ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਦੋ ਸਾਲ ਪਹਿਲਾਂ ਬੱਚੀ ਗੋਦ ਲੈਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਹ ਦੋਵੇਂ ਹੀ ਕਈ ਅਲੱਗ-ਅਲੱਗ ਅਨਾਥ ਆਸ਼ਰਮਾਂ ਨਾਲ ਜੁੜੇ ਹੋਏ ਹਨ, ਖਾਸ ਤੌਰ 'ਤੇ ਸੇਂਟ ਕੈਥਰੀਨ ਹੋਮ ਦੇ ਨਾਲ।