FacebookTwitterg+Mail

ਭਾਰਤੀ ਸਿਨੇਮਾ ਦੇ ਇਤਿਹਾਸ ਦੀ ਪਹਿਲੀ ਬੋਲਦੀ ਫਿਲਮ 'ਆਲਮ ਆਰਾ'

    1/2
05 August, 2016 07:41:43 AM

ਮੁੰਬਈ— ਭਾਰਤੀ ਸਿਨੇਮਾ ਦੇ ਇਤਿਹਾਸ 'ਚ ਫਿਲਮ 'ਆਲਮ ਆਰਾ' ਨਾਲ ਭਾਰਤ 'ਚ ਪਹਿਲੀ ਬੋਲਦੀ ਫਿਲਮਾਂ ਦਾ ਦੌਰ ਸ਼ੁਰੂ ਹੋਇਆ। ਇਹ ਫਿਲਮ 14 ਮਾਰਚ, 1931 ਮੁੰਬਈ ਦੇ ਮੈਜੈਸਟਿਕ ਸਿਨੇਮਾ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਉਸ ਸਮੇਂ ਦੇ ਮੰਨੇ ਪ੍ਰਮੰਨੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਆਰਦੇਸ਼ੀਰ ਈਰਾਨੀ ਸਨ। ਪਹਿਲੀ ਬੋਲਦੀ ਫਿਲਮ ਹੋਣ ਕਰਕੇ ਲੋਕਾਂ 'ਚ ਫਿਲਮ ਲਈ ਇੰਨਾ ਉਤਸ਼ਾਹ ਸੀ ਕਿ ਸ਼ੁਰੂਆਤੀ ਦਿਨਾਂ 'ਚ ਭੀੜ ਨੂੰ ਕਾਬੂ ਕਰਨ ਪੁਲਸ ਦਾ ਸਹਾਰਾ ਲੈਣਾ ਪਿਆ। ਇਸ ਫਿਲਮ 'ਚ ਮੁੱਖ ਭੂਮਿਕਾਵਾਂ ਮਾਸਟਰ ਵਿੱਠਲ ਅਤੇ ਰਾਣੀ ਜ਼ੁਬੈਦਾ ਨੇ ਨਿਭਾਈਆਂ ਸਨ। ਇੰਪੀਰੀਅਲ ਫਿਲਮ ਕੰਪਨੀ ਦਾ ਆਲਮ ਆਰਾ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਸੀ। ਇਹ ਫਿਲਮ ਜ਼ੋਸਡ ਡੋਵਿਡ ਦੇ ਲਿਖੇ ਪਾਰਸੀ ਨਾਟਕ 'ਤੇ ਆਧਾਰਿਤ ਸੀ। ਕਰੀਬ ਦੋ ਘੰਟਿਆਂ ਦੀ ਇਸ ਫਿਲਮ ਦਾ ਨਿਰਮਾਣ 4 ਮਹੀਨਿਆਂ ਦੇ ਬਹੁਤ ਘੱਟ ਸਮੇਂ 'ਚ ਹੋਇਆ ਸੀ। ਇਸ ਫਿਲਮ ਦੀ ਵਧੇਰੇ ਸ਼ੂਟਿੰਗ ਦਿਨ 'ਚ ਵਧੇਰੇ ਆਵਾਜ਼ ਹੋਣ ਕਾਰਨ ਰਾਤ ਨੂੰ ਹੋਈ ਸੀ। ਇਸ ਫਿਲਮ 'ਚ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਤੋਂ ਇਲਾਵਾ ਐਲ.ਵੀ.ਪ੍ਰਸ਼ਾਸ਼ ਦਾ ਵੀ ਅਹਿਮ ਕਿਰਦਾਰ ਸੀ। ਇਸ ਫਿਲਮ ਵਿਚਲੇ 7 ਗੀਤਾਂ ਦਾ ਸੰਗੀਤ ਫਿਰੋਜ਼ਸ਼ਾਹ ਮਿਸਤਰੀ ਅਤੇ ਬੀ ਈਰਾਨੀ ਨੇ ਦਿੱਤਾ ਸੀ।
'ਆਲਮ ਆਰਾ' ਨੂੰ ਇਕ ਬੋਲਦੀ, ਗਾਉਂਦੀ ਅਤੇ ਨੱਚਦੀ ਫਿਲਮ ਦੇ ਰੂਪ 'ਚ ਪ੍ਰਚਾਰਿਤ ਕੀਤਾ ਗਿਆ ਸੀ। ਭਾਰਤੀ ਫਿਲਮਾਂ ਦੇ ਇਤਿਹਾਸ ਦਾ ਪਹਿਲਾ ਗੀਤ 'ਆਲਮ ਆਰਾ' 'ਚ ਹੀ ਸੁਣਨ ਅਤੇ ਦੇਖਣ ਨੂੰ ਮਿਲਿਆ ਸੀ। ਇਹ ਗੀਤ ਸੀ 'ਦੇ ਦੇ ਖੁਦਾ ਕੇ ਨਾਮ ਪਰ'। ਫਿਲਮਾਂ 'ਚ ਗੀਤਾਂ ਦਾ ਰੁਝਾਨ ਵੀ 'ਆਲਮ ਆਰਾ' ਤੋਂ ਹੀ ਸ਼ੁਰੂ ਹੋਇਆ ਸੀ। ਇਸ ਫਿਲਮ 'ਚ 'ਤੇਰੀ ਕਾਤਿਲ ਨਿਗਾਹੋਂ ਨੇ ਮਾਰਾ', 'ਭਰ ਭਰ ਕੇ ਜਾਮ', 'ਦਿਲ ਕੋ ਆਰਾਮ', 'ਰੂਠਾ ਹੈ ਆਸਮਾਨ', ਵਰਗੇ ਗੀਤ ਸਨ, ਜੋ ਬਹੁਤ ਹਰਮਨ ਪਿਆਰੇ ਹੋਏ ਪਰ ਉਨ੍ਹਾਂ ਦਿਨਾਂ 'ਚ ਪਿੱਠਵਰਤੀ ਗਾਇਕੀ ਵਰਗਾ ਕੋਈ ਪ੍ਰਬੰਧ ਨਾ ਹੋਣ ਕਾਰਨ ਕਲਾਕਾਰਾਂ ਨੂੰ ਸ਼ੂਟਿੰਗ ਦੇ ਸਮੇਂ ਗੀਤ ਲਾਈਵ ਹੀ ਗਾਉਣੇ ਪੈਂਦੇ ਸਨ।
ਉਨ੍ਹਾਂ ਦਿਨ੍ਹਾਂ 'ਚ ਇਸ ਫਿਲਮ ਦੇ ਨਿਰਮਾਣ 'ਤੇ 40 ਹਜ਼ਾਰ ਰੁਪਏ ਹੀ ਖਰਚ ਹੋਏ ਸਨ ਪਰ ਫਿਲਮ ਨੂੰ ਮਿਲੀ ਸਫਲਤਾ ਨੇ ਫਿਲਮ 'ਤੇ ਹੋਈ ਸਾਰੀ ਮਿਹਨਤ, ਖਰਚੇ ਨੂੰ ਭੁਲਾ ਦਿੱਤਾ ਸੀ। ਫਿਲਮ ਦੀ ਇਹ ਆਦੇਸ਼ੀਰ ਈਰਾਨੀ ਦੀ ਮਿਹਨਤ ਰੰਗ ਲਿਆਈ ਅਤੇ ਇਸ ਫਿਲਮ ਨੇ ਬਾਕਸ ਆਫਿਸ 'ਤੇ 2 ਅਰਬ 89 ਕਰੋੜ ਕਮਾਏ। ਫਿਲਮ ਦੀ ਇਹ ਸਫਲਤਾ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਹੀ। ਭਾਰਤ ਤੋਂ ਬਾਹਰਲੇ ਦੇਸ਼ 'ਚ ਵੀ ਇਸ ਫਿਲਮ ਨੂੰ ਬਹੁਤ ਸਫਲਤਾ ਮਿਲੀ। ਆਰਦੇਸ਼ੀਰ ਈਰਾਨੀ ਵਲੋਂ ਭਾਰਤੀ ਸਿਨੇਮਾ ਨੂੰ ਦੇਣ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। 1960 'ਚ ਭਾਰਤੀ ਸਿਨੇਮਾ ਦੀ ਇਹ ਸ਼ਖਸੀਅਤ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸਾਥੋਂ ਸਦਾ ਲਈ ਵਿਛੜ ਗਈ। ਫਿਲਮ 'ਆਲਮ ਆਰਾ' ਨੂੰ ਭਾਰਤੀ ਸਿਨੇਮਾ ਅਤੇ ਭਾਰਤੀ ਲੋਕ ਹਮੇਸ਼ਾ ਯਾਦ ਰੱਖਣਗੇ।

ਪੇਸ਼ਕਸ਼ : ਸ਼ਮਸ਼ੇਰ ਸਿਘ ਸੋਹੀ


Tags: ਭਾਰਤੀ ਸਿਨੇਮਾਇਤਿਹਾਸਆਲਮ ਆਰਾAlam AraIndian cinemahistory