FacebookTwitterg+Mail

ਬਾਲੀਵੁੱਡ ਦਾ ਬਿਜ਼ਨੈੱਸ ਵੀ ਵਧਾ ਰਿਹੈ ਟਵਿੱਟਰ

    1/2
23 October, 2016 02:02:23 AM
ਮੁੰਬਈ— ਬਾਲੀਵੁੱਡ ਸਟਾਰਸ ਸੋਸ਼ਲ ਮੀਡੀਆ ਪਲੇਟਫਾਰਮ ਖਾਸ ਤੌਰ 'ਤੇ ਟਵਿੱਟਰ ਦੀ ਵਰਤੋਂ ਆਪਣੇ ਫਾਇਦੇ ਲਈ ਬਹੁਤ ਹੀ ਕਾਇਦੇ ਨਾਲ ਕਰਨ ਲੱਗੇ ਹਨ। ਜਿਵੇਂ ਕਿ ਕੋਈ ਫਿਲਮ ਰਿਲੀਜ਼ 'ਤੇ ਆਉਂਦੀ ਹੈ ਤਾਂ ਫਿਲਮ ਦੇ ਸਿਤਾਰੇ-ਨਿਰਮਾਤਾ-ਨਿਰਦੇਸ਼ਕ ਆਦਿ ਵੀ ਟਵਿੱਟਰ 'ਤੇ ਐਕਟਿਵ ਹੋ ਜਾਂਦੇ ਹਨ। ਫਿਲਮੀ ਦੁਨੀਆ 'ਚ ਪੀ. ਆਰ. ਦਾ ਕੰਮ ਦੇਖਣ ਵਾਲੀਆਂ ਏਜੰਸੀਆਂ ਦਾ ਮੰਨਣਾ ਹੈ ਕਿ ਟਵਿੱਟਰ ਰਾਹੀਂ ਸਿਤਾਰੇ ਲੱਖਾਂ ਲੋਕਾਂ ਤੱਕ ਪਹੁੰਚ ਰੱਖਦੇ ਹਨ ਅਤੇ ਜੇ ਉਹ ਇਸ ਦੀ ਵਧੀਆ ਵਰਤੋਂ ਕਰਨ ਤਾਂ ਇਸ ਦਾ ਲਾਭ ਵੀ ਫਿਲਮਾਂ ਨੂੰ ਪਹੁੰਚ ਸਕਦਾ ਹੈ।
ਪਿਛਲੇ ਦਿਨੀਂ 'ਪਿੰਕ' ਅਤੇ 'ਐੱਮ. ਐੱਸ. ਧੋਨੀ' ਵਰਗੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਆਸ ਤੋਂ ਵੱਧ ਅਤੇ ਭਾਰੀ ਸਫਲਤਾ ਹਾਸਿਲ ਕੀਤੀ ਹੈ। ਇਸ 'ਚ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ। 'ਪਿੰਕ' ਦੇ ਲੀਡ ਸਟਾਰ ਅਮਿਤਾਭ ਬੱਚਨ ਨੇ ਟਵਿੱਟਰ ਰਾਹੀਂ ਫਿਲਮ ਬਾਰੇ ਬਹੁਤ ਹੀ ਸੂਚਨਾਵਾਂ ਮੀਡੀਆ ਅਤੇ ਆਪਣੇ ਪ੍ਰਸ਼ੰਸਕਾਂ ਤਕ ਪਹੁੰਚਾਈਆਂ। ਇਸ ਤੋਂ ਇਲਾਵਾ 'ਪਿੰਕ' ਦੀਆਂ ਤਿੰਨੋਂ ਲੜਕੀਆਂ ਨੇ ਵੀ ਟਵਿੱਟਰ 'ਤੇ ਖੂਬ ਸਰਗਰਮੀ ਦਿਖਾਈ। ਇਥੋਂ ਤਕ ਕਿ ਰਿਲੀਜ਼ ਤੋਂ ਬਾਅਦ ਵੀ ਇਨ੍ਹਾਂ ਸਾਰਿਆਂ ਨੇ ਖੂਬ ਟਵੀਟ ਕੀਤੇ ਅਤੇ ਫਿਲਮ ਨੂੰ ਮਿਲ ਰਹੀਆਂ ਚੰਗੀਆਂ ਪ੍ਰਤੀਕਿਰਿਆਵਾਂ ਨੂੰ ਅੱਗੇ ਵਧਾਇਆ ਅਤੇ ਸਾਰੇ ਜਾਣਦੇ ਹਨ ਕਿ ਫਿਲਮ ਦੀ ਸਫਲਤਾ 'ਚ ਮਾਊਥ ਪਬਲੀਸਿਟੀ ਦਾ ਪੂਰਾ ਯੋਗਦਾਨ ਰਿਹਾ। 'ਐੱਮ. ਐੱਸ. ਧੋਨੀ' ਦਾ ਕਿਰਦਾਰ ਨਿਭਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਅਜਿਹਾ ਹੀ ਕੀਤਾ ਅਤੇ ਧੜਾਧੜ ਟਵੀਟ ਕੀਤੇ। ਫਿਲਮਾਂ ਨੂੰ ਮਿਲੇ ਵਧੀਆ ਰਿਵਿਊਜ਼ ਨੂੰ ਵੀ ਉਨ੍ਹਾਂ ਨੇ ਸ਼ੇਅਰ ਕੀਤਾ।
ਹਾਲਾਂਕਿ ਇਹ ਫਾਰਮੂਲਾ ਹਰ ਵਾਰ ਮਦਦਗਾਰ ਸਾਬਿਤ ਨਹੀਂ ਹੁੰਦਾ। ਇਸ ਸਾਲ ਦੇ ਸ਼ੁਰੂ 'ਚ ਰਿਲੀਜ਼ ਹੋਈ ਫਿਲਮ 'ਘਾਇਲ ਰਿਟਰਨਸ' ਦੇ ਸਮੇਂ ਸੰਨੀ ਦਿਓਲ ਵੀ ਟਵਿੱਟਰ 'ਤੇ ਆਏ ਸਨ ਅਤੇ ਧੜਾਧੜ ਟਵੀਟ ਕਰਨ ਲੱਗੇ ਸਨ ਪਰ ਇਸ ਦੇ ਬਾਵਜੂਦ ਫਿਲਮ ਨੂੰ ਲਾਭ ਨਹੀਂ ਪਹੁੰਚਿਆ। ਸੋਸ਼ਲ ਮੀਡੀਆ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਟਵਿੱਟਰ ਤੇ ਫੇਸਬੁੱਕ ਦਾ ਲਾਭ ਵੀ ਉਹੀ ਸਿਤਾਰੇ ਉਠਾਉਂਦੇ ਹਨ ਜੋ ਰੈਗੂਲਰ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰੰਸ਼ਸਕਾਂ ਨਾਲ ਜੁੜੇ ਰਹਿੰਦੇ ਹਨ। ਮੇਗਾ ਸਟਾਰ ਅਮਿਤਾਭ ਬੱਚਨ, ਰਣਵੀਰ ਸਿੰਘ, ਪ੍ਰਿੰਯਕਾ ਚੋਪੜਾ, ਕਰਨ ਜੌਹਰ, ਜੈਕਲੀਨ ਫਰਨਾਡੀਜ਼, ਅਕਸ਼ੈ ਕੁਮਾਰ, ਦੀਪਿਕਾ ਪਾਦੁਕੋਣ ਵਰਗੇ ਸਿਤਾਰੇ ਖੁਦ ਹੀ ਆਪਣੇ ਟਵਿੱਟਰ ਹੈਂਡਲ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਦੇ ਟਵੀਟਸ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਮਨ ਭਾਉਂਦੇ ਹਨ। ਸੰਨੀ ਦਿਓਲ ਵਾਂਗ ਕੈਟਰੀਨਾ ਕੈਫ ਨੇ ਵੀ ਸੋਸ਼ਲ ਮੀਡੀਆ ਦਾ ਲਾਭ ਉਠਾਉਣ ਦਾ ਅਸਫਲ ਯਤਨ ਕੀਤਾ।
'ਬਾਰ-ਬਾਰ ਦੇਖੋ' ਦੀ ਰਿਲੀਜ਼ ਤੋਂ ਕੁਝ ਸਮਾਂ ਪਹਿਲਾਂ ਕੈਟਰੀਨਾ ਕੈਫ ਨੇ ਫੇਸਬੁੱਕ 'ਤੇ ਕਦਮ ਰੱਖਿਆ ਪਰ ਜਿਸ ਤਰ੍ਹਾਂ ਉਸ ਦੀ ਪੋਸਟ ਆਈ ਉਸ ਤੋਂ ਜ਼ਾਹਿਰ ਸੀ ਕਿ ਉਸ ਨੇ ਖੁਦ ਆਪਣੇ ਫੇਸਬੁੱਕ ਅਕਾਊਂਟ ਦੀ ਵਰਤੋਂ ਨਹੀਂ ਕੀਤੀ। ਉਸ ਦੀ ਟੀਮ ਉਸ ਦੀ ਥਾਂ 'ਤੇ ਪੋਸਟ ਸ਼ੇਅਰ ਕਰ ਰਹੀ ਹੈ। ਇਸ ਤਰ੍ਹਾਂ ਕੈਟਰੀਨਾ ਦਾ ਜੋੜ ਆਪਣੇ ਪ੍ਰਸ਼ੰਸਕਾਂ ਨਾਲ ਉਸ ਤਰ੍ਹਾਂ ਨਹੀਂ ਹੋ ਸਕਿਆ, ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। ਉਂਝ ਇਸ ਨੂੰ ਸੋਸ਼ਲ ਮੀਡੀਆ ਦੀ ਤਾਕਤ ਵੀ ਕਿਹਾ ਜਾਵੇਗਾ ਕਿ ਜ਼ਿਆਦਾਤਰ ਸਿਤਾਰੇ ਟਵਿਟਰ, ਫੇਸਬੁੱਕ, ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।
ਇੰਸਟਾਗ੍ਰਾਮ 'ਤੇ ਤਾਂ ਤੁਹਾਨੂੰ ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਨਾਲ ਜੁੜੀਆਂ ਐਕਸਕਲੂਸਿਵ ਤਸਵੀਰਾਂ ਵੀ ਮਿਲ ਸਕਦੀਆਂ ਹਨ। ਭਾਵੇਂ ਕੁਝ ਸਿਤਾਰੇ ਅਜਿਹੇ ਵੀ ਹਨ ਜਿਨ੍ਹਾਂ ਨੇ ਹਾਲੇ ਤਕ ਸੋਸ਼ਲ ਮੀਡੀਆ ਵੱਲ ਰੁਖ ਕੀਤਾ ਹੀ ਨਹੀਂ ਹੈ। ਇਨ੍ਹਾਂ ਦਾ ਮੰਨਣ ਹੈ ਕਿ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਨਾਲ ਉਨ੍ਹਾਂ ਦਾ ਨਿੱਜੀਪਣ ਅਤੇ ਕੰਮ ਪ੍ਰਭਾਵਿਤ ਹੁੰਦਾ ਹੈ।

Tags: ਟਵਿੱਟਰਬਾਲੀਵੁੱਡਬਿਜ਼ਨੈੱਸTwitterBollywoodBusiness