FacebookTwitterg+Mail

'ਬਚਪਨ' 'ਚ ਬਹੁਤ ਸ਼ਰਾਰਤੀ ਸੀ ਵਰੁਣ', ਇੰਟਰਵਿਊ ਦੌਰਾਨ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ

varun dhawan
25 February, 2017 02:23:56 PM
ਨਵੀਂ ਦਿੱਲੀ- 'ਬਦਰੀਨਾਥ ਕੀ ਦੁਲਹਨੀਆ' ਫਿਲਮ 10 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਪ੍ਰਮੋਸ਼ਨ ਦੇ ਸਿਲਸਿਲੇ 'ਚ ਵਰੁਣ ਦਿੱਲੀ 'ਚ ਸੀ। ਇਥੇ ਉਨ੍ਹਾਂ ਨੇ ਜਗ ਬਾਣੀ ਨਾਲ ਗੱਲਬਾਤ ਕੀਤੀ। ਪੇਸ਼ ਹੈ ਕੁਝ-
ਕੀ ਇਹ ਸੱਚ ਹੈ ਕਿ ਇਸ ਫਿਲਮ 'ਚ ਕਿਰਦਾਰ ਦੇ ਨਾਂ ਨਾਲ ਤੁਸੀਂ ਲਗਾਅ ਮਹਿਸੁਸ ਕਰਦੇ ਹੋ?
ਵਰੁਣ : ਹਾਂ, ਇਕ ਤਾਂ ਮੈਂ ਸ਼ਿਵ ਭਗਤ ਹਾਂ, ਇਸ ਲਈ ਜਦੋਂ ਮੈਨੂੰ ਫਿਲਮ ਆਫਰ ਹੋਈ ਤਾਂ ਮੈਨੂੰ ਲੱਗਾ ਕਿ ਇਹ ਭੋਲੇ ਬਾਬਾ ਦਾ ਸੰਦੇਸ਼ ਹੈ ਤੇ ਦੂਸਰਾ ਜਦੋਂ ਮੈਨੂੰ ਪਹਿਲੀ ਵਾਰ ਫਿਲਮ ਆਫਰ ਹੋਈ ਸੀ ਤਾਂ ਮੈਨੂੰ ਇਕ ਡਾਇਲਾਗ ਸੁਣਾਇਆ ਗਿਆ ਸੀ, ਜਿਸ 'ਚ ਮੈਂ ਆਪਣਾ ਨਾਂ ਦੱਸਣਾ ਸੀ ਅਤੇ ਸਾਡੇ ਡਾਇਰੈਕਟਰ ਸ਼ਸ਼ਾਂਕ ਨੇ ਉਸ ਕਿਰਦਾਰ ਦਾ ਨਾਂ ਬਦਰੀ ਰੱਖਿਆ ਸੀ। ਜਿਵੇਂ ਹੀ ਮੈਂ ਇਹ ਨਾਂ ਸੁਣਿਆ ਤਾਂ ਬਹੁਤ ਉਤਸ਼ਾਹਿਤ ਹੋਇਆ ਅਤੇ ਆਪਣੇ ਦੋਸਤ ਨੂੰ ਫੋਨ ਕੀਤਾ, ਜੋ ਮੈਨੂੰ ਪਿਆਰ ਨਾਲ ਬਦਰੀ ਕਹਿੰਦਾ ਸੀ। ਉਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਭਗਵਾਨ ਦਾ ਕੋਈ ਸਪੈਸ਼ਲ ਤੋਹਫਾ ਹੋਵੇ, ਬਿਨਾਂ ਸੋਚੇ ਇਸ ਫਿਲਮ ਨੂੰ 'ਹਾਂ' ਕਹਿ ਦੇ। ਬਸ ਮੈਂ ਫਿਲਮ ਲਈ 'ਹਾਂ' ਕਰ ਦਿੱਤੀ।
ਫਿਲਮੀ ਤੇ ਨਿੱਜੀ ਜੀਵਨ 'ਚ ਡਾਂਸ ਨੂੰ ਕਿੰਨਾ ਅਹਿਮ ਮੰਨਦੇ ਹੋ?
ਵਰੁਣ : ਮੇਰਾ ਮੰਨਣਾ ਹੈ ਕਿ ਡਾਂਸ ਦਾ ਸਿਰਫ ਸਾਡੇ ਸਿਤਾਰਿਆਂ ਲਈ ਹੀ ਨਹੀਂ, ਸਗੋਂ ਸਾਰੇ ਲੋਕਾਂ ਦੀ ਜ਼ਿੰਦਗੀ 'ਚ ਖਾਸ ਯੋਗਦਾਨ ਹੁੰਦਾ ਹੈ। ਡਾਂਸ ਇਕ ਅਜਿਹਾ ਜ਼ਰੀਆ ਹੈ, ਜਿਸ ਨਾਲ ਤੁਸੀਂ ਆਪਣੀ ਹਰ ਭਾਵਨਾ ਨੂੰ ਉਜਾਗਰ ਕਰ ਸਕਦੇ ਹੋ, ਫਿਰ ਭਾਵੇਂ ਉਹ ਪਿਆਰ ਹੋਵੇ, ਗੁੱਸਾ ਜਾਂ ਦੁੱਖ। ਇਸ ਲਈ ਮੈਂ ਡਾਂਸ 'ਤੇ ਆਧਾਰਿਤ ਇਕ ਫਿਲਮ ਵੀ ਕੀਤੀ ਸੀ।
ਹੰਪਟੀ ਸ਼ਰਮਾ ਤੋਂ ਕਿੰਨਾ ਵੱਖਰਾ ਹੈ ਬਦਰੀਨਾਥ?
ਵਰੁਣ : ਇਸ ਫਿਲਮ ਦੀ ਕਹਾਣੀ ਅਤੇ ਮੇਰਾ ਕਿਰਦਾਰ ਉਸ ਫਿਲਮ ਨਾਲੋਂ ਬਿਲਕੁਲ ਵੱਖਰਾ ਹੈ। ਹੰਪਟੀ ਇਕ ਪੰਜਾਬੀ ਮੁੰਡਾ ਸੀ ਅਤੇ ਉਹ ਥੋੜ੍ਹਾ ਸ਼ਹਿਰੀ ਵੀ ਸੀ ਪਰ ਬਦਰੀ ਇਕ ਛੋਟੇ ਜਿਹੇ ਸ਼ਹਿਰ ਦਾ ਰਹਿਣ ਵਾਲਾ ਮੁੰਡਾ ਹੈ। ਉਸ ਦਾ ਰਹਿਣ-ਸਹਿਣ, ਭਾਸ਼ਾ ਇਥੋਂ ਤਕ ਕਿ ਸੋਚ ਵੀ ਕਈ ਮਾਇਨਿਆਂ 'ਚ ਕਾਫੀ ਵੱਖਰੀ ਹੈ। ਉਹ ਥੋੜ੍ਹਾ ਛੋਟੀ ਸੋਚ ਵਾਲਾ ਵਿਅਕਤੀ ਹੈ ਪਰ ਜਦੋਂ ਉਹ ਆਲੀਆ ਨੂੰ ਮਿਲਦਾ ਹੈ, ਉਸ ਦੀ ਜ਼ਿੰਦਗੀ 'ਚ ਕੀ ਬਦਲਾਅ ਆਉਂਦੇ ਹਨ, ਇਹੋ ਫਿਲਮ ਦੀ ਕਹਾਣੀ ਹੈ।
'ਬਚਪਨ' 'ਚ ਬਹੁਤ ਸ਼ਰਾਰਤੀ ਸੀ',
ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਵਰੁਣ ਦੱਸਦਾ ਹੈ ਕਿ ਮੈਂ ਸ਼ੁਰੂ ਤੋਂ ਹੀ ਫਿਲਮਾਂ ਦਾ ਬਹੁਤ ਸ਼ੌਕੀਨ ਤੇ ਸ਼ਰਾਰਤੀ ਰਿਹਾ ਹਾਂ। ਮੈਨੂੰ ਯਾਦ ਹੈ, ਮੈਂ ਸ਼ਾਇਦ 12 ਸਾਲ ਦਾ ਹੋਵਾਂਗਾ, ਜਦੋਂ ਮੈਨੂੰ ਪਾਪਾ ਦੇ ਹੀ ਇਕ ਗਾਣੇ 'ਤੇ ਪ੍ਰਫਾਰਮ ਕਰਨ ਲਈ ਕਿਹਾ ਗਿਆ ਸੀ ਪਰ ਮੈਂ ਉਸ 'ਤੇ ਡਾਂਸ ਨਹੀਂ ਕਰਨਾ ਚਾਹੁੰਦਾ ਸੀ। ਉਦੋਂ ਮੈਂ ਆਪਣੇ ਦੋਸਤਾਂ ਨੂੰ ਕਹਿ ਕੇ ਆਖਰੀ ਸਮੇਂ 'ਤੇ ਗਾਣੇ ਦੀ ਸੀ. ਡੀ. ਬਦਲਵਾ ਦਿੱਤੀ ਸੀ ਅਤੇ ਦਲੇਰ ਮਹਿੰਦੀ ਦੇ ਗਾਣੇ 'ਤੁਨਕ ਤੁਨਕ ਤੁਨ ਤਾਰਾ ਰਾ... ' ਉਤੇ ਡਾਂਸ ਕੀਤਾ ਸੀ।

Tags: Varun dhawan Badrinath dulhania childhood naughtyਵਰੁਣਬਦਰੀਨਾਥ ਕੀ ਦੁਲਹਨੀਆ

About The Author

Anuradha Sharma

Anuradha Sharma is News Editor at Jagbani.