FacebookTwitterg+Mail

ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਹੀ ਹੈ 'ਵੇਖ ਬਰਾਤਾਂ ਚੱਲੀਆਂ', ਦਰਸ਼ਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

vekh baraatan challiyan
02 August, 2017 10:44:21 AM

ਮੈਲਬੋਰਨ (ਮਨਦੀਪ ਸੈਣੀ)— 'ਰਿਦਮ ਬੁਆਏਜ਼ ਇੰਟਰਟੇਨਮੈਂਟ', 'ਨਦਰ ਫਿਲਮਜ਼' ਅਤੇ 'ਜੇ ਸਟੂਡੀਓ' ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ 'ਵੇਖ ਬਰਾਤਾਂ ਚੱਲੀਆਂ' ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਪੰਜਾਬ ਤੇ ਹਰਿਆਣਾ ਸੂਬੇ ਵਿਚ ਵਸਦੇ ਦੋ ਪਰਿਵਾਰਾਂ 'ਤੇ ਆਧਾਰਿਤ ਹੈ। ਧਾਰਮਿਕ ਰੀਤੀ-ਰਿਵਾਜਾਂ ਨਾਲ ਜੁੜਿਆ ਹੋਇਆ ਹਰਿਆਣਵੀ ਪਰਿਵਾਰ ਆਪਣੀ ਧੀ ਦਾ ਵਿਆਹ ਪੰਜਾਬੀ ਮੁੰਡੇ ਨਾਲ ਕਰਨ ਲਈ ਰਜ਼ਾਮੰਦ ਹੈ ਪਰ ਮੁੰਡੇ ਦੇ ਮੰਗਲੀਕ ਹੋਣ ਕਾਰਨ ਵਿਆਹ ਵਿਚ ਆ ਰਹੀ ਅੜਚਨ ਨੂੰ ਦੂਰ ਕਰਨ ਲਈ ਮੁੰਡੇ ਦਾ ਵਿਆਹ ਕੁੱਤੀ ਨਾਲ ਕਰਨਾ ਪੈਂਦਾ ਹੈ।
ਉਸ ਤੋਂ ਬਾਅਦ ਜੋ-ਜੋ ਵਾਪਰਦਾ ਹੈ ਉਹ ਹੈਰਾਨ ਕਰਨ ਵਾਲਾ ਹੈ। ਇਸ ਫਿਲਮ ਵਿਚ ਵਿਆਹ ਨਾਲ ਜੁੜੇ ਹੋਏ ਵਹਿਮਾਂ-ਭਰਮਾਂ ਅਤੇ ਫੋਕੇ ਅੰਧ-ਵਿਸ਼ਵਾਸਾਂ ਦੇ ਮਜ਼ਾਕੀਆ ਢੰਗ ਨਾਲ ਪਾਜ ਉਧੇੜੇ ਗਏ ਹਨ। ਨਿਰਦੇਸ਼ਕ ਸ਼ਿਤਿਜ਼ ਚੌਧਰੀ ਅਤੇ ਲੇਖਕ ਨਰੇਸ਼ ਕਥੂਰੀਆ ਦੀ ਜੋੜੀ ਨੇ ਬਹੁਤ ਖੁਬਸੂਰਤੀ ਨਾਲ ਪੰਜਾਬ ਅਤੇ ਹਰਿਆਣੇ ਦੇ ਸੱਭਿਆਚਾਰਕ ਵਖਰੇਵਿਆਂ ਨੂੰ ਪਰਦੇ 'ਤੇ ਪੇਸ਼ ਕੀਤਾ ਹੈ।
ਨਿਰਮਾਤਾ ਕਾਰਜ ਗਿੱਲ, ਅਮੀਕ ਵਿਰਕ ਅਤੇ ਜਸਪਾਲ ਸੰਧੂ ਦੁਆਰਾ ਬਣਾਈ ਇਸ ਫਿਲਮ ਵਿਚ ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਰਣਜੀਤ ਬਾਵਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੋਬਿੰਦ ਨਾਮਦੇਵ ਆਦਿ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਅਮਰਿੰਦਰ ਗਿੱਲ ਨੇ ਵੀ ਹਰਿਆਣਵੀ ਛੋਰੇ ਦੇ ਰੂਪ ਵਿਚ ਅਹਿਮ ਕਿਰਦਾਰ ਨਿਭਾਇਆ ਹੈ। ਆਸਟ੍ਰੇਲੀਆ-ਨਿਊਜ਼ੀਲੈਂਡ ਵਿਚ ਇਸ ਫਿਲਮ ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ ਨੇ ਦੱਸਿਆ ਕਿ ਇਸ ਪਰਿਵਾਰਕ ਅਤੇ ਹਾਸ ਭਰਪੂਰ ਫਿਲਮ ਰਾਹੀਂ ਸਮਾਜਿਕ ਕੁਰੀਤੀਆਂ ਅਤੇ ਅੰਧ-ਵਿਸ਼ਵਾਸਾਂ ਤੋਂ ਪਰਦਾ ਚੁੱਕਣ ਦੀ ਸਾਰਥਿਕ ਕੋਸ਼ਿਸ਼ ਕੀਤੀ ਗਈ ਹੈ।


Tags: Vekh Baraatan Challiyan Binnu Dhillon Kavita Kaushik Ranjit Bawa Amrinder Gill Karamjit Anmol Jaswinder Bhallaਵੇਖ ਬਰਾਤਾਂ ਚੱਲੀਆਂ