FacebookTwitterg+Mail

ਲੀਕ ਤੋਂ ਹੱਟ ਕੇ ਬਣਾਈ ਗਈ ਐਕਸ਼ਨ ਫਿਲਮ ਹੈ 'ਯਾਰਾਂ ਦੇ ਯਾਰ'

yaaran de yaar interview
10 October, 2017 06:30:42 PM

13 ਅਕਤੂਬਰ ਨੂੰ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਗੀਤਾਂ ਨੂੰ ਲੋਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਯਾਰੀ 'ਤੇ ਬਣਾਈ ਗਈ ਇਸ ਫਿਲਮ 'ਚ ਐਕਸ਼ਨ ਦੀ ਭਰਮਾਰ ਸਾਨੂੰ ਦੇਖਣ ਨੂੰ ਮਿਲੇਗੀ। ਫਿਲਮ 'ਚ ਪ੍ਰਿੰਸ ਸਿੰਘ, ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਗੁਰਜੀਤ ਢਿੱਲੋਂ, ਮਹਿਕ ਸ਼ਰਮਾ, ਸਤਨਾਮ ਜਈ, ਅਸ਼ੋਕ ਸਲਵਾਨ, ਸੁਖਬੀਰ ਤੇ ਚਾਚਾ ਬਿਸ਼ਨਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਜੇ ਸਿੰਘ ਨੇ ਕੀਤਾ ਹੈ, ਜਦਕਿ ਇਸ ਨੂੰ ਪ੍ਰੋਡਿਊਸ ਵਿਜੇ ਸਿਕੰਦਰ ਨੇ ਕੀਤਾ ਹੈ। ਫਿਲਮ ਨੂੰ ਲੈ ਕੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਵਲੋਂ ਪ੍ਰਿੰਸ ਸਿੰਘ, ਸਤਨਾਮ ਜਈ, ਅਜੇ ਸਿੰਘ ਤੇ ਵਿਜੇ ਸਿਕੰਦਰ ਨਾਲ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

'ਯਾਰਾਂ ਦੇ ਯਾਰ' ਤੁਹਾਡੀ ਡੈਬਿਊ ਫਿਲਮ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ ਹੈ?
ਪ੍ਰਿੰਸ ਸਿੰਘ :
ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਜਿਹੜਾ ਵੀ ਡੈਬਿਊ ਕਰਦਾ ਹੈ, ਉਸ ਲਈ ਆਪਣੀ ਪਹਿਲੀ ਫਿਲਮ ਖਾਸ ਹੀ ਹੁੰਦੀ ਹੈ। ਹਾਲਾਂਕਿ ਫਿਲਮ ਨੂੰ ਲੈ ਕੇ ਮੈਂ ਉਤਸ਼ਾਹਿਤ ਵੀ ਹਾਂ ਤੇ ਨਾਲ-ਨਾਲ ਘਬਰਾਹਟ ਵੀ ਹੋ ਰਹੀ ਹੈ।

ਟਰੇਲਰ 'ਚ ਐਕਸ਼ਨ ਸੀਨਜ਼ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ਨੂੰ ਕਰਨਾ ਕਿੰਨਾ ਮੁਸ਼ਕਿਲ ਰਿਹਾ?
ਪ੍ਰਿੰਸ ਸਿੰਘ :
ਮੇਰਾ ਬਚਪਨ ਆਰਮੀ ਸਕੂਲ 'ਚ ਲੰਘਿਆ ਹੈ। ਖੇਡਾਂ ਤੇ ਮਾਰਸ਼ਲ ਆਰਟਸ ਨਾਲ ਮੇਰਾ ਖਾਸ ਸਬੰਧ ਹੈ ਤੇ ਟੀ. ਵੀ. ਨਾਲ ਵੀ ਨਾਤਾ ਹੈ। ਇਕ ਨਵੀਂ ਸੋਚ ਸੀ ਕਿ ਮਾਰਸ਼ਲ ਆਰਟਸ ਪੰਜਾਬੀ ਫਿਲਮ 'ਚ ਦਿਖਾਉਣਾ ਹੈ ਤੇ ਟਰੇਲਰ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖ ਕੇ ਅਜਿਹਾ ਲੱਗ ਵੀ ਰਿਹਾ ਹੈ ਕਿ ਉਨ੍ਹਾਂ ਨੂੰ ਐਕਸ਼ਨ ਪਸੰਦ ਆਇਆ ਹੈ।

ਕੀ ਐਕਸ਼ਨ ਸੀਨਜ਼ ਦੌਰਾਨ ਕੋਈ ਹਾਦਸਾ ਵਾਪਰਿਆ?
ਪ੍ਰਿੰਸ ਸਿੰਘ :
ਐਕਸ਼ਨ ਸੀਨਜ਼ ਦੌਰਾਨ ਹਾਦਸੇ ਜ਼ਰੂਰ ਵਾਪਰਦੇ ਹਨ। ਸ਼ੂਟਿੰਗ ਦੌਰਾਨ ਇਕ ਲੜਕੇ ਨੇ ਸਾਹਮਣਿਓਂ ਆ ਕੇ ਮੇਰੇ ਨਾਲ ਟਕਰਾਉਣਾ ਸੀ। ਸਾਡੀ ਟਾਈਮਿੰਗ ਨਹੀਂ ਮਿਲੀ, ਜਿਸ ਕਾਰਨ ਉਸ ਦੇ ਸੱਟ ਲੱਗ ਗਈ। ਇਸ ਕਾਰਨ ਸ਼ੂਟਿੰਗ ਵੀ ਰੁਕੀ ਪਰ ਫਿਲਮ ਨੂੰ ਲੈ ਕੇ ਜਨੂੰਨ ਇੰਨਾ ਸੀ ਕਿ ਸੱਟਾਂ ਦਾ ਅਸਰ ਜ਼ਿਆਦਾ ਸਾਡੇ 'ਤੇ ਹੋਇਆ ਨਹੀਂ।

ਫਿਲਮ 'ਚ ਤੁਸੀਂ ਨੈਗੇਟਿਵ ਰੋਲ ਨਿਭਾਅ ਰਹੇ ਹੋ। ਦਿਮਾਗ 'ਚ ਇਹ ਨਹੀਂ ਆਇਆ ਕਿ ਕਾਸ਼ ਮੈਂ ਹੀਰੋ ਹੁੰਦਾ?
ਸਤਨਾਮ ਜਈ :
ਨਹੀਂ ਅਜਿਹਾ ਕੁਝ ਵੀ ਦਿਮਾਗ 'ਚ ਨਹੀਂ ਸੀ। ਮੈਨੂੰ ਇਹ ਸੀ ਕਿ ਇਕ ਕਿਰਦਾਰ ਮੈਨੂੰ ਮਿਲਿਆ ਹੈ ਤੇ ਮੈਂ ਉਸ ਨੂੰ ਮੈਂ ਪੂਰੀ ਮਿਹਨਤ ਨਾਲ ਨਿਭਾਉਣਾ ਹੈ। ਹਰ ਫਿਲਮ ਵਿਲੇਨ ਤੋਂ ਬਿਨਾਂ ਅਧੂਰੀ ਹੁੰਦੀ ਹੈ। ਦਰਸ਼ਕ ਜਦੋਂ ਇਹ ਫਿਲਮ ਦੇਖਣਗੇ ਤਾਂ ਵਿਲੇਨ ਨੂੰ ਵੀ ਉਨਾ ਪਿਆਰ ਦੇਣਗੇ, ਜਿੰਨਾ ਹੀਰੋ ਨੂੰ ਮਿਲੇਗਾ।

ਫਿਲਮ ਨੂੰ ਡਾਇਰੈਕਟ ਕਰਨ ਦਾ ਤਜਰਬਾ ਕਿਹੋ-ਜਿਹਾ ਰਿਹਾ?
ਅਜੇ ਸਿੰਘ :
ਮੈਂ 15-20 ਸਾਲਾਂ ਤੋਂ ਇਸ ਲਾਈਨ ਨਾਲ ਜੁੜਿਆ ਹੋਇਆ ਹਾਂ ਪਰ ਡਾਇਰੈਕਟਰ ਵਜੋਂ ਇਹ ਮੇਰੀ ਪਹਿਲੀ ਪੰਜਾਬੀ ਫਿਲਮ ਹੈ। ਫਿਲਮ ਨੂੰ ਡਾਇਰੈਕਟ ਕਰਕੇ ਬਹੁਤ ਹੀ ਵਧੀਆ ਲੱਗਾ ਤੇ ਇਕ ਸ਼ਾਨਦਾਰ ਫਿਲਮ ਬਣ ਕੇ ਆਈ ਹੈ, ਜਿਸ 'ਚ ਦਰਸ਼ਕਾਂ ਨੂੰ ਕੁਝ ਵੱਖਰਾ ਜ਼ਰੂਰ ਦੇਖਣ ਨੂੰ ਮਿਲੇਗਾ।

ਡੈਬਿਊ ਫਿਲਮ ਹੈ, ਲਗਭਗ ਸਾਰੇ ਕਲਾਕਾਰ ਨਵੇਂ ਹਨ, ਕੋਈ ਟੈਨਸ਼ਨ ਰਹੀ ਦਿਮਾਗ 'ਚ ਇਸ ਗੱਲ ਨੂੰ ਲੈ ਕੇ?
ਅਜੇ ਸਿੰਘ :
ਦੇਖੋ ਅੱਜਕਲ ਹਰ ਫਿਲਮ 'ਚ ਪੁਰਾਣੇ ਸਿਤਾਰੇ ਲਏ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪ੍ਰੋਡਿਊਸਰ-ਡਾਇਰੈਕਟਰ ਸੁਰੱਖਿਅਤ ਹੋ ਜਾਂਦੇ ਹਨ ਫਿਲਮ ਨੂੰ ਲੈ ਕੇ ਪਰ ਵੱਡੇ ਕਲਾਕਾਰਾਂ ਦੀਆਂ ਫਿਲਮਾਂ ਵੀ ਫਲਾਪ ਹੁੰਦੀਆਂ ਹਨ। ਰਹੀ ਗੱਲ ਨਵੇਂ ਕਲਾਕਾਰਾਂ ਦੀ ਤਾਂ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਹਰ ਕਲਾਕਾਰ ਵੱਡਾ ਬਣਨ ਤੋਂ ਪਹਿਲਾਂ ਨਵਾਂ ਹੀ ਹੁੰਦਾ ਹੈ।

ਪੈਸਾ ਲਗਾਉਣ ਤੋਂ ਪਹਿਲਾਂ ਤੁਹਾਡੇ ਮਨ 'ਚ ਕੋਈ ਰਿਸਕ ਵਾਲੀ ਗੱਲ ਸੀ?
ਵਿਜੇ ਸਿਕੰਦਰ :
ਮੇਰੇ ਮਨ ਅੰਦਰ ਅਜਿਹਾ ਬਿਲਕੁਲ ਵੀ ਨਹੀਂ ਸੀ। ਮੈਂ ਪਾਜ਼ੇਟਿਵ ਸੋਚ ਨਾਲ ਚੱਲਿਆ ਹਾਂ। ਮੈਂ ਹਮੇਸ਼ਾ ਕਰਕੇ ਸੋਚਦਾ ਹਾਂ, ਕਰਨ ਤੋਂ ਪਹਿਲਾਂ ਨਹੀਂ ਸੋਚਦਾ। ਹਮੇਸ਼ਾ ਤੁਹਾਡੀ ਇਹੀ ਸੋਚ ਹੋਣੀ ਚਾਹੀਦੀ ਹੈ ਕਿ ਜਿਹੜੀ ਚੀਜ਼ ਤੁਸੀਂ ਕਰਨੀ ਹੈ, ਉਸ ਲਈ ਜੀਅ-ਜਾਨ ਲਗਾ ਦਿਓ।

ਹੋਰ ਕਿਹੜੀ ਫਿਲਮ ਤੁਸੀਂ ਪ੍ਰੋਡਿਊਸ ਕਰ ਰਹੇ ਹੋ?
ਵਿਜੇ ਸਿਕੰਦਰ :
ਅਗਲੀ ਫਿਲਮ ਮੇਰੀ 'ਮਹਾ ਪੰਜਾਬ' ਹੈ, ਜਿਸ ਦਾ ਐਲਾਨ ਮੈਂ ਕਰ ਚੁੱਕਾ ਹਾਂ। ਇਸ ਫਿਲਮ 'ਚ ਲਾਹੌਰ, ਪੰਜਾਬ, ਹਿਮਾਚਲ ਤੇ ਹਰਿਆਣਾ ਦੀਆਂ ਖੂਬਸੂਰਤ ਥਾਵਾਂ ਦੇਖਣ ਨੂੰ ਮਿਲਣਗੀਆਂ। ਫਿਲਮ ਦੀ ਕਹਾਣੀ 1946-47 ਦੀ ਹੋਵੇਗੀ।

'ਫਿਲਮ 'ਚ ਦਰਸ਼ਕਾਂ ਨੂੰ ਹਰ ਰੰਗ ਦੇਖਣ ਨੂੰ ਮਿਲੇਗਾ। ਇਸ 'ਚ ਕਾਮੇਡੀ, ਐਕਸ਼ਨ ਤੇ ਰੋਮਾਂਸ ਦੇ ਨਾਲ-ਨਾਲ ਨਸ਼ਾ ਤੇ ਗੈਂਗਸਟਰ ਪੰਜਾਬ 'ਚੋਂ ਖਤਮ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ ਹੈ।'
—ਪ੍ਰਿੰਸ ਸਿੰਘ

'ਫਿਲਮ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਮਹਿਮਾਨ ਭੂਮਿਕਾ 'ਚ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਕੰਮ ਕਰਕੇ ਮੈਂ ਮਾਣ ਮਹਿਸੂਸ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਫਿਲਮ 'ਚ ਉਨ੍ਹਾਂ ਨੂੰ ਦੇਖ ਕੇ ਦਰਸ਼ਕ ਵੀ ਬੇਹੱਦ ਪ੍ਰਭਾਵਿਤ ਹੋਣਗੇ।'
—ਸਤਨਾਮ ਜਈ

'ਮਿਹਨਤ ਤੇ ਲਗਨ ਨਾਲ ਬਣਾਈ ਗਈ ਇਹ ਇਕ ਸਾਫ-ਸੁਥਰੀ ਪਰਿਵਾਰਕ ਫਿਲਮ ਹੈ। ਅਸੀਂ ਲੀਕ ਤੋਂ ਹੱਟ ਕੇ ਫਿਲਮ ਬਣਾਈ ਹੈ, ਜਿਸ 'ਚ ਐਕਸ਼ਨ ਦੀ ਭਰਮਾਰ ਦੇਖਣ ਨੂੰ ਮਿਲੇਗੀ, ਜਿਸ ਨੂੰ ਉਮੀਦ ਕਰਦੇ ਹਾਂ ਕਿ ਦਰਸ਼ਕ ਬੇਹੱਦ ਪਸੰਦ ਕਰਨਗੇ।'
—ਅਜੇ ਸਿੰਘ

'ਫਿਲਮ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ, ਬਹੁਤ ਹੀ ਖੂਬਸੂਰਤ ਫਿਲਮ ਬਣੀ ਹੈ। ਜਦੋਂ ਤੁਸੀਂ ਫਿਲਮ ਦੇਖ ਕੇ ਬਾਹਰ ਆਓਗੇ ਤਾਂ ਤੁਸੀਂ ਇਹ ਜ਼ਰੂਰ ਕਹੋਗੇ 'ਸਾਡਾ ਪ੍ਰਿੰਸ, ਸਾਡਾ ਸਤਨਾਮ' ਕਿਉਂਕਿ ਇਨ੍ਹਾਂ ਨੇ ਕੰਮ ਹੀ ਇਸ ਤਰ੍ਹਾਂ ਦਾ ਕੀਤਾ ਹੈ ਕਿ ਆਪਣਾਪਣ ਮਹਿਸੂਸ ਹੋਵੇਗਾ।'
—ਵਿਜੇ ਸਿਕੰਦਰ


Tags: Yaaran De Yaar Interview Prince Singh Satnam Jayee Ajay Singh Vijay Sikander