ਜਲੰਧਰ— ਰੈਪਰ ਯੋ ਯੋ ਹਨੀ ਸਿੰਘ ਤੇ ਸ਼ਾਲਿਨੀ ਸਿੰਘ ਦੇ ਵਿਆਹ ਨੂੰ ਅੱਜ 6 ਸਾਲ ਹੋ ਗਏ ਹਨ। ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਪਤਨੀ ਨਾਲ ਇਕ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹਨੀ ਸਿੰਘ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'It's been six years now :-)'
ਦੱਸਣਯੋਗ ਹੈ ਕਿ ਹਨੀ ਸਿੰਘ ਦਾ ਵਿਆਹ 23 ਜਨਵਰੀ 2011 ਨੂੰ ਸ਼ਾਲਿਨੀ ਸਿੰਘ ਨਾਲ ਹੋਇਆ। ਵਿਆਹ ਚੁੱਪ-ਚੁਪੀਤੇ ਕੀਤਾ ਗਿਆ। ਸਿਰਫ ਪਰਿਵਾਰਕ ਮੈਂਬਰ ਹੀ ਵਿਆਹ 'ਚ ਸ਼ਾਮਲ ਸਨ। ਹਨੀ ਤੇ ਸ਼ਾਲਿਨੀ ਦੀ ਇਹ ਲਵ ਮੈਰਿਜ ਸੀ ਤੇ ਦੋਵੇਂ ਬਚਪਨ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਹਨੀ ਸਿੰਘ ਵਿਆਹ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਸਨ ਪਰ ਵਿਆਹ 'ਚ ਮੌਜੂਦ ਫੋਟੋਗ੍ਰਾਫਰ ਨੇ ਉਨ੍ਹਾਂ ਦੀ ਤਸਵੀਰ ਇੰਟਰਨੈੱਟ 'ਤੇ ਅਪਲੋਡ ਕਰ ਦਿੱਤੀ। ਇਸ ਤੋਂ ਬਾਅਦ ਹਨੀ ਸਿੰਘ ਨੇ ਆਪਣੇ ਵਿਆਹ ਦੀ ਖਬਰ ਨੂੰ ਝੂਠ ਦੱਸਿਆ ਪਰ ਬਾਅਦ 'ਚ ਇਕ ਰਿਐਲਿਟੀ ਸ਼ੋਅ 'ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਸਾਰਿਆਂ ਨਾਲ ਰੂ-ਬ-ਰੂ ਕਰਵਾਇਆ।
ਦੋਵਾਂ ਦੀ ਪ੍ਰੇਮ ਕਹਾਣੀ ਉਦੋਂ ਸ਼ੁਰੂ ਹੋਈ, ਜਦੋਂ ਹਨੀ ਸਿੰਘ ਪਰਿਵਾਰ ਸਣੇ ਪੰਜਾਬ ਤੋਂ ਦਿੱਲੀ ਸ਼ਿਫਟ ਹੋਏ। ਸ਼ਾਲਿਨੀ ਹਨੀ ਸਿੰਘ ਦੀ ਕਲਾਸਮੇਟ ਸੀ, ਦੋਵੇਂ ਇਕੱਠੇ ਪੰਜਾਬੀ ਬਾਗ (ਦਿੱਲੀ) ਦੇ ਸਕੂਲ 'ਚ ਪੜ੍ਹਦੇ ਸਨ। ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਹਨੀ ਸਿੰਘ ਲੰਡਨ 'ਚ ਮਿਊਜ਼ਿਕ ਡਿਗਰੀ ਲਈ ਗਏ ਪਰ ਦੋਵਾਂ ਦੇ ਪਿਆਰ 'ਚ ਇਸ ਦੂਰੀ ਦਾ ਕੋਈ ਅਸਰ ਨਹੀਂ ਹੋਇਆ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹਨੀ ਤੇ ਸ਼ਾਲਿਨੀ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਹਨੀ ਸਿੰਘ ਤੇ ਸ਼ਾਲਿਨੀ ਦੋਵੇਂ ਆਪਸ 'ਚ ਕਿੰਨੇ ਖੁਸ਼ ਹਨ।