FacebookTwitterg+Mail

ਜੁਆਨੀ ਨੂੰ ਜੜ੍ਹਾਂ ਨਾਲ ਜੋੜਣ ਦਾ ਯਤਨ ਹੈ ਪ੍ਰਿਯੰਕਾ ਚੋਪੜਾ ਅਤੇ ਅਮਰਿੰਦਰ ਗਿੱਲ ਦੀ ਜੁਗਲਬੰਦੀ ''ਸਰਵਣ''

    1/6
10 January, 2017 04:39:14 PM

ਜਲੰਧਰ 10 ਜਨਵਰੀ (ਜੁਗਿੰਦਰ ਸੰਧੂ)—ਪੰਜਾਬੀ ਸੱਭਿਆਚਾਰ, ਪੰਜਾਬ ਦੇ ਲੋਕਾਂ ਦੇ ਜੀਵਨ ਅਤੇ ਜਜ਼ਬਾਤ ਨੂੰ ਵੱਡੇ ਪਰਦੇ 'ਤੇ ਸਫਲਤਾ ਸਹਿਤ ਪੇਸ਼ ਕਰਨ ਵਾਲੇ ਬੁਲੰਦ ਗਾਇਕ ਅਤੇ ਹੰਢੇ ਹੋਏ ਅਦਾਕਾਰ ਅਮਰਿੰਦਰ ਗਿੱਲ ਅਤੇ ਹਿੰਦੀ ਸਿਨੇਮੇ ਦੀ ਸੁਪਨ-ਸੁੰਦਰੀ ਪ੍ਰਿਯੰਕਾ ਚੋਪੜਾ ਦੀ ਸਾਂਝੀ ਮਿਹਨਤ ਅਤੇ ਯਤਨਾਂ ਸਦਕਾ ਬਣਾਈ ਗਈ ਪੰਜਾਬੀ ਫਿਲਮ 'ਸਰਵਣ' 13ਜਨਵਰੀ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ। ਫਿਲਮ 'ਚ ਪੰਜਾਬ ਦੇ ਨੌਜਵਾਨਾਂ ਲਈ ਸਪੱਸ਼ਟ ਸੰਦੇਸ਼ ਹੈ ਕਿ ਉਨ੍ਹਾਂ ਨੂੰ ਆਪਣਾ ਸੱਭਿਆਚਾਰ, ਇਤਿਹਾਸ ਅਤੇ ਵਿਰਸਾ ਨਹੀਂ ਭੁਲਾਉਣਾ ਚਾਹੀਦਾ। ਨੌਜਵਾਨ ਅਕਸਰ ਭਰ ਜੁਆਨੀ ਦੀ ਉਮਰ 'ਚ ਆਪਣੇ ਰਸਤੇ ਤੋਂ ਭਟਕ ਜਾਂਦੇ ਹਨ ਪਰ 'ਸਰਵਣ' ਦਾ ਯਤਨ ਇਹ ਹੈ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਆਪਣੀਆਂ ਜ਼ਮੀਨੀ ਹਕੀਕਤਾਂ ਨੂੰ ਅਪਣਾਉਣ। ਫਿਲਮ ਦਾ ਨਾਇਕ ਮਿੱਠੂ (ਅਮਰਿੰਦਰ ਗਿੱਲ) ਇਸ ਗੱਲ ਲਈ ਯਤਨਸ਼ੀਲ ਹੈ ਕਿ ਪੰਜਾਬ ਦੀ ਜੁਆਨੀ ਗਲਤ ਰਸਤੇ ਨਾ ਭਟਕ ਜਾਵੇ ਸਗੋਂ ਆਪਣੇ ਮੂਲ ਨੂੰ ਪਛਾਣੇ ਅਤੇ ਆਪਣੇ ਅਮੀਰ ਵਿਰਸੇ ਨੂੰ ਅਪਣਾਵੇ। ਇਨ੍ਹਾਂ ਯਤਨਾਂ ਦੀ ਪੂਰਤੀ ਲਈ ਅਮਰਿੰਦਰ ਦੇ ਨਾਲ ਮੁੱਖ ਭੂਮਿਕਾ 'ਚ ਅੰਬਾਲਾ ਦੀ ਜੰਮਪਲ ਅਤੇ ਕੈਨੇਡਾ ਦੀ ਵਸਨੀਕ ਸਿੰਮੀ ਚਾਹਲ ਅਣਥੱਕ ਕੋਸ਼ਿਸ਼ਾਂ ਕਰਦੀ ਦਿਖਾਈ ਦਿੰਦੀ ਹੈ ਅਤੇ ਇਸ ਦੌਰਾਨ ਰਣਜੀਤ ਬਾਵਾ ਕਹਾਣੀ ਨੂੰ ਸਿਖਰ 'ਤੇ ਪਹੁੰਚਾਉਣ 'ਚ ਵੱਡਾ ਮਦਦਗਾਰ ਬਣਦਾ ਹੈ। ਫਿਲਮ ਬਾਰੇ ਗੱਲ ਕਰਦਿਆਂ ਅਮਰਿੰਦਰ ਦਾ ਕਹਿਣਾ ਸੀ ਕਿ ਉਸ ਨੂੰ 'ਸਰਵਣ' ਨਾਲ ਬਹੁਤ ਵੱਡੀ ਤਸੱਲੀ ਹੋਈ ਹੈ। ਉਹ ਆਪਣੀ ਹਰ ਫਿਲਮ 'ਚ ਪਹਿਲਾਂ ਨਾਲੋਂ ਵਧ ਮਿਹਨਤ ਦੀ ਕੋਸ਼ਿਸ਼ ਕਰਦਾ ਹੈ। ਅਮਰਿੰਦਰ ਨੇ ਦੱਸਿਆ ਕਿ ਉਸ ਦੀ ਅਗਲੀ ਫਿਲਮ 'ਲਾਹੌਰੀਏ' ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਅਗਲੇ ਮਹੀਨਿਆਂ 'ਚ ਉਹ ਵੀ ਫਿਲਮੀ ਪਰਦੇ ਦਾ ਸ਼ਿੰਗਾਰ ਬਣੇਗੀ। 'ਲਾਹੌਰੀਏ 'ਚ ਵੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਦਰਸ਼ਕਾਂ ਨੂੰ ਮਹਿਸੂਸ ਹੋਵੇਗੀ। 'ਸਰਵਣ' ਦੀ ਨਾਇਕਾ ਸਿੰਮੀ ਚਾਹਲ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਨੇ ਅਮਰਿੰਦਰ ਵਰਗੇ ਵੱਡੇ ਕੱਦ ਦੇ ਕਲਾਕਾਰ ਨਾਲ ਕੰਮ ਕੀਤਾ ਹੈ। ਫਿਲਮ ਦੇ ਸੈੱਟ 'ਤੇ ਉਸ ਨੂੰ ਹਮੇਸ਼ਾ ਪਰਿਵਾਰਕ ਮਾਹੌਲ ਮਹਿਸੂਸ ਹੋਇਆ। ਉਸ ਨੂੰ ਫਿਲਮ ਕਰਕੇ ਵੱਡੀ ਖੁਸ਼ੀ ਮਿਲੀ ਹੈ।

ਫਿਲਮ ਦੇ ਨਿਰਮਾਤਾਵਾਂ 'ਚ ਪ੍ਰਿਯੰਕਾ ਚੋਪੜਾ ਦੇ ਨਾਲ-ਨਾਲ ਡਾ. ਮਧੂ ਚੋਪੜਾ, ਦੀਪਸ਼ਿਖਾ ਦੇਸ਼ਮੁੱਖ ਅਤੇ ਵਿਸ਼ੂ ਭੰਗਾਨੀ ਨੇ ਇਸ ਨਿੱਗਰ ਵਿਸ਼ੇ ਨੂੰ ਫਿਲਮੀ ਪਰਦੇ ਤੱਕ ਪਹੁੰਚਾਉਣ 'ਚ ਕੋਈ ਕਸਰ ਨਹੀਂ ਛੱਡੀ। ਫਿਲਮ ਦੇ ਨਿਰਦੇਸ਼ਕ ਕਰਨ ਗੁਲਿਆਨੀ ਨੇ ਅੰਬਰ ਦੀਪ ਸਿੰਘ ਦੀ ਕਹਾਣੀ ਨੂੰ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਇਆ ਹੈ, ਜਿਸ ਦੀ ਫੋਟੋਗ੍ਰਾਫੀ ਵੀ ਕਮਾਲ ਦੀ ਹੈ। ਕੰਨਾਂ 'ਚ ਰਸ ਘੋਲਣ ਵਾਲਾ ਸੰਗੀਤ ਜਤਿੰਦਰ ਸ਼ਾਹ ਅਤੇ ਗੁਰਮੋਹ ਨੇ ਤਿਆਰ ਕੀਤਾ ਹੈ ਜਦੋਂਕਿ ਗੀਤਾਂ ਦੀ ਰਚਨਾ ਹੈਪੀ ਰਾਏ ਕੋਟੀ, ਬੀਰ ਸਿੰਘ ਅਤੇ ਹਰਮਨਜੀਤ ਸਿੰਘ ਨੇ ਕੀਤੀ ਹੈ। ਫਿਲਮ ਦਾ ਟਾਈਟਲ ਗੀਤ 'ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ' ਬੀਰ ਸਿੰਘ ਨੇ ਹੀ ਲਿਖਿਆ ਅਤੇ ਗਾਇਆ ਹੈ ਜਦੋਂਕਿ ਹੈਪੀ ਰਾਏ ਕੋਟੀ ਦਾ ਗੀਤਾ 'ਨੀਂ ਮੈਨੂੰ ਅੱਖ ਤਾਂ ਲਾ ਲੈਣ ਦੇ' ਇਨੀਂ ਦਿਨੀਂ ਬਹੁਤ ਮਕਬੂਲ ਹੋ ਰਿਹਾ ਹੈ। ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫਿਲਮਾਂ 'ਇਕ ਕੁੜੀ ਪੰਜਾਬ ਦੀ', 'ਅੰਗਰੇਜ਼', ਗੋਰਿਆਂ ਨੂੰ ਦਫਾ ਕਰੋ' ਅਤੇ 'ਲਵ ਪੰਜਾਬ' ਵਾਂਗ 'ਸਰਵਣ' ਨੂੰ ਵੀ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲਣ ਦੀ ਆਸ ਹੈ।


Tags: ਸਰਵਣਅਮਰਿੰਦਰ ਗਿੱਲਪ੍ਰਿਯੰਕਾ ਚੋਪੜਾ Sarwan Amrinder Gill Priyanka Chopra