ਜਲੰਧਰ— 'ਸੁਪਰ ਸਿੰਘ' ਫਿਲਮ 16 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ। ਫਿਲਮ 'ਚ ਦਿਲਜੀਤ ਦੁਸਾਂਝ ਇਕ ਸੁਪਰਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ। ਜਿਨ੍ਹਾਂ ਨੇ ਇਹ ਫਿਲਮ ਦੇਖ ਲਈ ਹੈ, ਉਨ੍ਹਾਂ ਨੂੰ ਦਿਲਜੀਤ ਦਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਸ਼ਾਇਦ ਇਕ ਖਾਸ ਕੁਨੈਕਸ਼ਨ ਪਤਾ ਲੱਗਾ ਹੋਵੇਗਾ। ਇਹ ਖਾਸ ਕੁਨੈਕਸ਼ਨ ਹੈ ਨਾਮ ਦਾ। ਜੀ ਹਾਂ, ਫਿਲਮ 'ਚ ਦਿਲਜੀਤ ਦਾ ਨਾਮ ਸੱਜਣ ਸਿੰਘ ਹੈ, ਜਿਹੜਾ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਕੇ ਦਿਲਜੀਤ ਨੇ ਹਰਜੀਤ ਸਿੰਘ ਸੱਜਣ ਤੋਂ ਰੱਖਿਆ ਹੈ।
ਦੱਸਣਯੋਗ ਹੈ ਕਿ ਦਿਲਜੀਤ ਹਰਜੀਤ ਸਿੰਘ ਸੱਜਣ ਨੂੰ ਆਪਣਾ ਅਸਲ ਜ਼ਿੰਦਗੀ ਦਾ ਸੁਪਰਹੀਰੋ ਮੰਨਦੇ ਹਨ। ਦੋਵਾਂ ਦੀ ਮੁਲਾਕਾਤ 'ਰਾਈਜ਼ਿੰਗ ਸਟਾਰ' ਦੇ ਸੈੱਟ 'ਤੇ ਹੋਈ ਸੀ, ਜਿਥੇ ਹਰਜੀਤ ਸਿੰਘ ਸੱਜਣ ਨੇ 'ਸੁਪਰ ਸਿੰਘ' ਫਿਲਮ ਦਾ ਪੋਸਟਰ ਵੀ ਲਾਂਚ ਕੀਤਾ ਸੀ। 'ਜਗ ਬਾਣੀ' ਨਾਲ ਖਾਸ ਇੰਟਰਵਿਊ ਦੌਰਾਨ ਵੀ ਦਿਲਜੀਤ ਨੇ ਹਰਜੀਤ ਸਿੰਘ ਸੱਜਣ ਦੇ ਕੰਮ ਦੀ ਰੱਜ ਕੇ ਤਾਰੀਫ ਕੀਤੀ ਸੀ।
'ਸੁਪਰ ਸਿੰਘ' ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਦੋ ਦਿਨਾਂ 'ਚ 3.85 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ 'ਚ ਸੋਨਮ ਬਾਜਵਾ ਵੀ ਦਿਲਜੀਤ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਸ ਨੂੰ ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਤੇ ਅਨੁਰਾਗ ਸਿੰਘ ਤੇ ਪਵਨ ਗਿੱਲ ਦੀ ਬ੍ਰੈਟ ਫਿਲਮਜ਼ ਵਲੋਂ ਮਿਲ ਕੇ ਬਣਾਇਆ ਗਿਆ ਹੈ।