FacebookTwitterg+Mail

ਬ੍ਰਿਸਬੇਨ ਵਿਰਾਸਤੀ ਮੇਲੇ ਦੇ ਖੁੱਲ੍ਹੇ ਅਖਾੜੇ 'ਚ ਵਾਰਿਸ ਭਰਾ ਬੰਨ੍ਹਣਗੇ ਰੰਗ

manmohan waris
24 August, 2017 09:04:05 AM

ਬ੍ਰਿਸਬੇਨ (ਸੁਰਿੰਦਰਪਾਲ ਖੁਰਦ)— ਵਿਰਾਸਤ ਇੰਟਰਟੇਨਮੈਂਟ ਵਲੋਂ 'ਵਿਰਾਸਤੀ ਮੇਲਾ 2017' ਬਹੁਤ ਹੀ ਉਤਸ਼ਾਹ ਨਾਲ 27 ਅਗਸਤ ਨੂੰ ਰੌਕਲੀ ਸ਼ੋਅ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਪ੍ਰਬੰਧਕਾਂ ਵਲੋਂ ਇਕ ਵਿਸ਼ੇਸ਼ ਬੈਠਕ ਬ੍ਰਿਸਬੇਨ ਵਿਖੇ ਕੀਤੀ ਗਈ।
ਇਸ ਮੇਲੇ ਦੌਰਾਨ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ਵਿਚ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਸਾਂਝੇ ਤੌਰ 'ਤੇ ਆਪਣੇ-ਆਪਣੇ ਪ੍ਰਸਿੱਧ ਸੱਭਿਆਚਾਰਕ ਨਵੇਂ ਤੇ ਪੁਰਾਣੇ ਗੀਤਾਂ ਦੇ ਨਾਲ ਖੁੱਲ੍ਹੇ ਅਖਾੜੇ 'ਚ ਹਜ਼ਾਰਾਂ ਦੀ ਗਿਣਤੀ ਵਿਚ ਆ ਰਹੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ । ਪਲਾਜ਼ਮਾਂ ਰਿਕਾਰਡ ਦੇ ਡਾਇਰੈਕਟਰ ਦੀਪਕ ਬਾਲੀ ਨੇ ਦੱਸਿਆ ਕਿ ਵਾਰਿਸ ਭਰਾਵਾਂ ਦੇ ਦੁਨੀਆ ਭਰ 'ਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇਂ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਤੇ 'ਵਿਰਾਸਤੀ ਮੇਲਾ 2017' ਬ੍ਰਿਸਬੇਨ 'ਚ ਆਪਣੇ ਪੁਰਾਣੇ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਸਥਾਪਤ ਕਰੇਗਾ । ਸੁਰੱਖਿਆ ਲਈ ਪੁਲਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । 
ਸਿਡਨੀ ਤੋਂ ਅਰਸ਼ਦੀਪ-ਸਿਡਨੀ ਸ਼ਹਿਰ ਵਿਖੇ 'ਪੰਜਾਬੀ ਵਿਰਸਾ 2017' ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਵਾਲੇ ਮੁੱਖ ਪ੍ਰਬੰਧਕਾਂ ਆਰਗੇਨਾਈਜ਼ਡ ਪਰਮ ਪ੍ਰੋਡਕਸ਼ਨ ਐਂਡ ਅਰਬਨ ਪ੍ਰੋਡਕਸ਼ਨ ਗਰੁੱਪ ਦੇ ਪਰਮਜੀਤ ਸਿੰਘ, ਅਮਿਤ ਚੌਹਾਨ ਜਲੰਧਰ, ਅਮਨ ਹੈਰੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬੀ ਵਿਰਸਾ ਪ੍ਰੋਗਰਾਮ 26 ਅਗਸਤ ਨੂੰ ਸ਼ਾਮੀਂ 7 ਵਜੇ ਥ੍ਰੀ ਕਾਨਫਰੰਸ ਵੈਨਿਊ ਸਿਲਵਰ ਵਾਟਰ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਡਰਾਈਟਿਕਟਸ. ਕਾਮ.ਏਯੂ 'ਤੇ ਇਸ ਪੰਜਾਬੀ ਵਿਰਸਾ ਪ੍ਰੋਗਰਾਮ ਲਈ ਸੰਪਰਕ ਕੀਤਾ ਜਾ ਸਕਦਾ ਹੈ।


Tags: Kamal HeerManmohan WarisBrisbaneSangtarਮਨਮੋਹਣ ਵਾਰਿਸ ਸੰਗਤਾਰਕਮਲ ਹੀਰਬ੍ਰਿਸਬੇਨ