FacebookTwitterg+Mail

ਮੈਲਬੌਰਨ 'ਚ ਗੁਰਦਾਸ ਮਾਨ ਦੀ ਸਫਲ਼ ਪੇਸ਼ਕਾਰੀ ਦੌਰਾਨ ਹੋਇਆ ਰਿਕਾਰਡ ਤੋੜ ਇਕੱਠ

melbourne gurdas maan
23 May, 2018 04:41:16 PM

ਮੈਲਬੌਰਨ(ਮਨਦੀਪ ਸਿੰਘ ਸੈਣੀ)— ਕ੍ਰਿਏਟਿਵ ਈਵੈਂਟਸ, ਸ਼ਿੰਕੂ ਨਾਭਾ, ਬਲਵਿੰਦਰ ਲਾਲੀ ਅਤੇ ਸਹਿਯੋਗੀਆਂ ਵੱਲੋਂ ਬੀਤੇ ਐਤਵਾਰ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਸ਼ੋਅ ਮੈਲਬੌਰਨ ਕੰਨਵੈਨਸ਼ਨ ਸੈਂਟਰ ਵਿਚ ਕਰਵਾਇਆ ਗਿਆ। ਮਿੱਥੇ ਸਮੇਂ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੋਏ ਇਸ ਸ਼ੋਅ ਵਿਚ ਜਦੋਂ ਪੰਜਾਬੀਆਂ ਦੇ ਮਹਿਬੂਬ ਗਾਇਕ ਗੁਰਦਾਸ ਮਾਨ ਮੰਚ 'ਤੇ ਆਏ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਗੁਰਦਾਸ ਮਾਨ ਨੇ ਡੱਫਲੀ ਫੜ ਕੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਿਆਂ 'ਮੇਰੀ ਰੱਖਿਓ ਲਾਜ ਗੁਰੂਦੇਵ' ਨਾਲ ਸ਼ੋਅ ਦਾ ਆਗਾਜ਼ ਕੀਤਾ। ਉਪਰੰਤ ਆਪਣੇ ਪ੍ਰਸਿੱਧ ਗੀਤ 'ਰੋਟੀ', 'ਹੀਰ', 'ਛੱਲਾ', ਨੀ ਮਿੱਟੀਏ! ਵਾਅ ਲੱਗਿਆਂ ਉੱਡ ਜਾਣਾ', 'ਛੇੜ ਨਾ ਦਰਦਾ ਨੂੰ' ਸਮੇਤ ਕਈ ਗੀਤ ਗਾ ਕੇ ਆਪਣੀ ਪੁਖਤਾ ਗਾਇਕੀ ਦਾ ਲੋਹਾ ਮੰਨਵਾਇਆ।
ਪ੍ਰੋਗਰਾਮ ਦੇ ਅੰਤ ਵਿਚ ਗੁਰਦਾਸ ਮਾਨ ਵੱਲੋਂ 'ਬੋਲੀਆਂ' ਦੀ ਪੇਸ਼ਕਾਰੀ ਮੇਲੇ ਦਾ ਸਿਖਰ ਹੋ ਨਿਬੜੀ ਤੇ ਦਰਸ਼ਕ ਗੀਤਾਂ ਦੀ ਮਸਤੀ 'ਤੇ ਥਿਰਕਦੇ ਰਹੇ। ਜ਼ਿਕਰਯੋਗ ਹੈ ਕਿ ਚਾਰ ਸਾਲ ਦੇ ਵਕਫੇ ਬਾਅਦ ਮੈਲਬੌਰਨ ਵਿਚ ਪੇਸ਼ਕਾਰੀ ਕਰ ਰਹੇ ਸਦਾਬਹਾਰ ਗਾਇਕ ਗੁਰਦਾਨ ਮਾਨ ਨੂੰ ਸੁਣਨ ਲਈ ਤਕਰੀਬਨ ਚਾਰ ਹਜ਼ਾਰ ਦਰਸ਼ਕਾਂ ਦਾ ਰਿਕਾਰਡ ਤੋੜ ਇਕੱਠ ਹੋਇਆ। ਇਸ ਸ਼ੋਅ ਵਿਚ ਵੱਡੀ ਗਿਣਤੀ ਵਿਚ ਪਰਿਵਾਰਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਸ਼ਾਮਲ ਹੋ ਕੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਅੱਜ ਵੀ ਸਾਫ ਸੁੱਥਰੀ ਤੇ ਮਿਆਰੀ ਗਾਇਕੀ ਨੂੰ ਪਸੰਦ ਕਰਦੇ ਹਨ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦੀਪਕ ਅਤੇ ਰਜਿੰਦਰ ਜੋਸਨ ਵੱਲੋਂ ਨਿਭਾਈ ਗਈ। ਇਸ ਸ਼ੋਅ ਨੂੰ ਸਫਲ ਬਣਾਉਣ ਲਈ ਨਿਰਮਲ ਧਾਲੀਵਾਲ, ਨਿੱਕ ਬਹਿਲ, ਸਾਹਿਲ ਗੁਪਤਾ, ਅਭਿਸ਼ੇਕ ਸੇਠ, ਵਿਕਾਸ ਕਾਲਰਾ, ਅਸ਼ਵਨੀ ਜੈਨ, ਗੁਰਮੀਤ ਸਿੰਘ, ਹਰਪ੍ਰੀਤ ਗਰੇਵਾਲ, ਅਜੇ ਬਾਂਸਲ, ਕੁਲਬੀਰ ਕੈਮ ਸਮੇਤ ਅਨੇਕਾਂ ਸਹਿਯੋਗੀਆਂ ਦਾ ਯੋਗਦਾਨ ਰਿਹਾ। ਅੰਤ ਵਿਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਦਰਸ਼ਕਾਂ, ਮੇਲਾ ਸਹਿਯੋਗੀਆਂ ਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਗਿਆ।


Tags: ਮੈਲਬੌਰਨ ਗੁਰਦਾਸ ਮਾਨMelbourne Gurdas Maan

Edited By

Cherry Sandal

Cherry Sandal is News Editor at Jagbani.