FacebookTwitterg+Mail

'ਸੱਜਣ' ਦਾ ਵਿਵਾਦਤ ਕਾਰਟੂਨ ਛਾਪਣ 'ਤੇ ਕੈਨੇਡੀਅਨ ਮੀਡੀਆ ਨੇ ਮੰਗੀ ਸਿੱਖਾਂ ਤੋਂ ਮੁਆਫੀ

postmedia apologizes to alberta sikhs for harjit sajjan cartoon
04 May, 2017 07:13:34 PM
ਓਟਾਵਾ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਵਿਵਾਦਤ ਕਾਰਟੂਨ ਛਾਪਣ ਵਾਲੇ ਮੀਡੀਆ ਗਰੁੱਪ 'ਪੋਸਟ ਮੀਡੀਆ' ਪਬਲੀਕੇਸ਼ਨ ਨੇ ਇਸ ਲਈ ਸਿੱਖਾਂ ਤੋਂ ਮੁਆਫੀ ਮੰਗੀ ਹੈ। ਦੱਸ ਦੇਈਏ ਕਿ ਸੱਜਣ ਵੱਲੋਂ ਭਾਰਤ ਦੌਰੇ ਦੌਰਾਨ ਖੁਦ ਨੂੰ ਅਫਗਾਨਿਸਤਾਨ ਵਿਚ ਚਲਾਈ ਗਈ ਫੌਜੀ ਮੁਹਿੰਮ ਦਾ ਕਰਤਾ-ਧਰਤਾ ਦੱਸੇ ਜਾਣ ਨੂੰ ਲੈ ਕੇ ਵਿਵਾਦ ਉਪਜਿਆ ਸੀ। ਜਿਸ 'ਤੇ ਕੈਨੇਡਾ ਅਤੇ ਅਫਗਾਨਿਸਤਾਨ ਦੇ ਫੌਜੀ ਅਧਿਕਾਰੀਆਂ ਨੇ ਇਤਰਾਜ਼ ਪ੍ਰਗਟਾਇਆ ਸੀ। ਇਸ ਵਿਵਾਦ ਵਿਚ ਤੇਲ ਪਾਉਣ ਦਾ ਕੰਮ ਕੀਤਾ, ਕੈਨੇਡਾ 'ਚ ਵਿਰੋਧੀ ਧਿਰ ਦੇ ਨੇਤਾਵਾਂ ਨੇ। ਵਿਰੋਧੀ ਧਿਰ ਦੇ ਨੇਤਾਵਾਂ ਨੇ ਸੱਜਣ ਦੇ ਇਸ ਬਿਆਨ ਨੂੰ ਲੈ ਕੇ ਸੱਜਣ ਦੇ ਅਸਤੀਫੇ ਤੱਕ ਦੀ ਮੰਗ ਕਰ ਦਿੱਤੀ। ਇਸ ਦੇ ਬਾਅਦ ਮੰਗਲਵਾਰ ਨੂੰ 'ਐਡਮਿੰਟਨ ਸੰਨ' ਅਤੇ 'ਪੋਸਟਮੀਡੀਆ' ਪਬਲਿਕੇਸ਼ਨ ਨੇ ਸੱਜਣ ਨੂੰ ਝੂਠਾਂ ਨਾਲ ਭਰੇ ਬਰਤਨ ਵਿਚ ਬੈਠੇ ਹੋਏ ਦਿਖਾਉਣ ਵਾਲਾ ਇਕ ਕਾਰਟੂਨ ਛਾਪਿਆ, ਜਿਸ ਨੂੰ ਲੈ ਕੇ ਸਿੱਖ ਭੜਕ ਗਏ। ਇਹ ਕਾਰਟੂਨ ਕੁਝ-ਕੁਝ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦੀ ਤਸਵੀਰ ਨਾਲ ਮਿਲਦਾ-ਜੁਲਦਾ ਸੀ। ਇਸ ਕਾਰਟੂਨ ਨੂੰ ਦੇਖ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਜਿਸ ਨੂੰ ਲੈ ਕੇ ਪੋਸਟਮੀਡੀਆ ਨੇ ਅੱਜ ਮੁਆਫੀ ਮੰਗ ਲਈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਐਕਜ਼ੀਕਿਊਟਿਵ ਕਮੇਟੀ ਮੈਂਬਰ ਹਰਪ੍ਰੀਤ ਗਿੱਲ ਨੇ ਇਸ ਘਟਨਾ ਨੂੰ ਲੈ ਕੇ ਰੋਸ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਦੱਸਦੇ ਹੋਏ ਕਿਹਾ ਕਿ ਸਿੱਖ ਇਸ ਦੇਸ਼ ਦਾ ਅਟੁੱਟ ਅੰਗ ਹਨ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇੱਥੇ ਦੱਸ ਦੇਈਏ ਕਿ ਸੱਜਣ ਨੇ ਆਪਣੇ ਗਲਤ ਬਿਆਨ ਨੂੰ ਲੈ ਕੇ ਕੈਨੇਡਾ ਦੇ ਲੋਕਾਂ ਤੋਂ ਮੁਆਫੀ ਮੰਗ ਲਈ ਸੀ, ਜਿਸ ਨੂੰ ਜ਼ਿਆਦਾਤਰ ਲੋਕਾਂ ਵੱਲੋਂ ਸਵੀਕਾਰ ਵੀ ਕਰ ਲਿਆ ਗਿਆ ਹੈ।

Tags: ਹਰਜੀਤ ਸਿੰਘ ਸੱਜਣ ਕਾਰਟੂਨ ਸਿੱਖ Postmedia apologizes Harjit Sajjan cartoon

About The Author

Kulvinder Mahi

Kulvinder Mahi is News Editor at Jagbani.