FacebookTwitterg+Mail

ਬਿਟਕੁਆਇਨ ਘੋਟਾਲਾ : ਰਾਜ ਕੁੰਦਰਾ ਤੋਂ ਬਾਅਦ ਹੁਣ ਸੰਨੀ ਲਿਓਨ ਕੋਲੋਂ ਵੀ ਹੋ ਸਕਦੀ ਹੈ ਪੁੱਛਗਿੱਛ

sunny leone
06 June, 2018 02:14:55 PM

ਮੁੰਬਈ (ਬਿਊਰੋ)— ਬਿਟਕੁਆਇਨ ਘੋਟਾਲੇ ਦੇ ਮਾਮਲੇ 'ਚ ਹੁਣ ਰਾਜ ਕੁੰਦਰਾ ਤੋਂ ਬਾਅਦ ਕਈ ਹੋਰ ਵੱਡੇ ਬਾਲੀਵੁੱਡ ਸਿਤਾਰਿਆਂ ਕੋਲੋਂ ਪੁੱਛਗਿੱਛ ਹੋ ਸਕਦੀ ਹੈ। ਇਸ ਮਾਮਲੇ 'ਚ ਸੰਨੀ ਲਿਓਨ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਪੁਲਸ ਨੇ ਇਸ ਦੇ ਮੁੱਖ ਦੋਸ਼ੀ ਅਮਿਤ ਭਾਰਦਵਾਜ ਨੇ ਪੁੱਛਗਿੱਛ 'ਚ ਕਈ ਖੁਲਾਸੇ ਕੀਤੇ ਹਨ, ਜਿਸ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ।
ਸੰਨੀ ਲਿਓਨ ਤੋਂ ਇਲਾਵਾ ਇਸ ਮਾਮਲੇ 'ਚ ਨੇਹਾ ਧੂਪੀਆ, ਜ਼ਰੀਨ ਖਾਨ ਤੇ ਸੋਨਲ ਚੌਹਾਨ ਵਰਗੇ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆਏ ਹਨ। ਹਾਲਾਂਕਿ ਅਜੇ ਇਨ੍ਹਾਂ ਨਾਵਾਂ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਜਾਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮੰਗਲਵਾਰ ਨੂੰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨਾਲ ਕਈ ਘੰਟਿਆਂ ਤਕ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਰਾਜ ਕੁੰਦਰਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਸ਼ੱਕੀ ਦੇ ਤੌਰ 'ਤੇ ਨਹੀਂ, ਸਗੋਂ ਇਕ ਗਵਾਹ ਦੇ ਤੌਰ 'ਤੇ ਸੰਮਨ ਭੇਜਿਆ ਗਿਆ ਸੀ। ਜਾਣਕਾਰੀ ਮੁਤਾਬਕ ਰਾਜ ਨੂੰ ਇਸ ਤਰ੍ਹਾਂ ਦੀ ਸਕੀਮ ਦਾ ਪ੍ਰਚਾਰ ਕਰਨ ਨੂੰ ਲੈ ਕੇ ਪੁੱਛਗਿੱਛ ਲਈ ਸੱਦਿਆ ਗਿਆ ਸੀ।
ਇਸ ਮਾਮਲੇ 'ਚ ਪਿਛਲੇ ਦਿਨੀਂ ਪੁਲਸ ਨੇ ਇਸ ਦੇ ਮੁੱਖ ਦੋਸ਼ੀ ਅਮਿਤ ਭਾਰਦਵਾਜ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ। ਅਮਿਤ ਕੋਲੋਂ ਪੁੱਛਗਿੱਛ ਮਾਮਲੇ 'ਚ ਪੁਲਸ ਫਿਲਹਾਲ ਕੁਝ ਕਹਿਣ ਨੂੰ ਤਿਆਰ ਨਹੀਂ ਹੈ। ਅਮਿਤ ਨੇ ਬਿਟਕੁਆਇਨ ਨੂੰ ਲੈ ਕੇ ਇਕ ਵੈੱਬਸਾਈਟ ਬਣਾਈ ਸੀ, ਜਿਸ 'ਚ ਲੋਕਾਂ ਨੇ ਕਾਫੀ ਵੱਡੇ ਪੱਧਰ 'ਤੇ ਪੈਸੇ ਲਗਾਏ ਸਨ। ਦੱਸਿਆ ਜਾਂਦਾ ਹੈ ਕਿ ਇਸ ਘੋਟਾਲੇ ਦੀ ਰਕਮ 2000 ਕਰੋੜ ਤੋਂ ਵੀ ਜ਼ਿਆਦਾ ਦੀ ਹੋ ਸਕਦੀ ਹੈ।


Tags: Sunny Leone Bitcoin Raj Kundra Shilpa Shetty ED

Edited By

Rahul Singh

Rahul Singh is News Editor at Jagbani.