FacebookTwitterg+Mail

ਮਨਮੋਹਨ ਸਿੰਘ ਖੁਦਾ ਨਾਲੋਂ ਵਧੀਆ ਪ੍ਰਸ਼ਾਸਕ : ਜਾਵੇਦ ਅਖਤਰ

javed akhtar
11 December, 2017 05:37:17 PM

ਨਵੀਂ ਦਿੱਲੀ(ਭਾਸ਼ਾ)— ਦਿੱਲੀ 'ਚ ਉਰਦੂ ਦੇ ਮੰਨੇ-ਪ੍ਰਮੰਨੇ ਲੋਕਾਂ ਦੀ ਮਹਿਫਲ 'ਚ ਮਸ਼ਹੂਰ ਗੀਤਕਾਰ ਅਤੇ ਸ਼ਾਇਰ ਜਾਵੇਦ ਅਖਤਰ ਨੇ ਖੁਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਰਮਿਆਨ ਤੁਲਨਾ ਕਰਦੇ ਹੋਏ ਕਿਹਾ ਕਿ ਜੇਕਰ ਯਕੀਨ ਕੀਤਾ ਜਾਵੇ ਤਾਂ ਮਨਮੋਹਨ ਸਿੰਘ ਖੁਦਾ ਨਾਲੋਂ ਵਧੀਆ ਪ੍ਰਸ਼ਾਸਕ ਹਨ। ਅਸਲ 'ਚ ਉਰਦੂ ਦੇ ਇਕ ਉਤਸਵ ਦੌਰਾਨ ਮਾਂ ਦਾ ਸਥਾਨ ਸਭ ਤੋਂ ਉਪਰ ਹੋਣ ਦਾ ਜ਼ਿਕਰ ਕਰਦਿਆਂ ਅਤਿਕਾ ਅਹਿਮਦ ਫਾਰੂਕੀ ਨੇ ਕਿਹਾ ਕਿ ਉਹ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦੀ ਹੈ, ਉਸ ਨੂੰ ਖੁਦਾ ਵੀ ਮੰਨਦੀ ਹੈ ਪਰ ਜਾਵੇਦ ਤਾਂ ਖੁਦਾ ਨੂੰ ਹੀ ਨਹੀਂ ਮੰਨਦੇ। ਇਸ ਦੌਰਾਨ ਜਾਵੇਦ ਅਖਤਰ ਨੇ ਹਲਕੇ-ਫੁਲਕੇ ਅੰਦਾਜ਼ 'ਚ ਕਿਹਾ, ''ਮੈਂ ਨਹੀਂ ਮੰਨਦਾ ਕਿ ਖੁਦਾ ਹੈ ਅਤੇ ਜੇਕਰ ਹੈ ਤਾਂ ਫਿਰ ਬੜੀ ਸ਼ਰਮ ਦੀ ਗੱਲ ਹੈ ਕਿ ਉਸ ਦੇ ਹੁੰਦੇ ਹੋਏ ਦੁਨੀਆ ਇਸ ਤਰ੍ਹਾਂ ਚੱਲ ਰਹੀ ਹੈ। ਬੁਰਾ ਨਾ ਮੰਨੋ ਅਸੀਂ ਕਹਿੰਦੇ ਹਾਂ ਕਿ ਮਨਮੋਹਨ ਸਿੰਘ ਦੇ ਕਾਰਜਕਾਲ 'ਚ ਵੱਡੇ ਘਪਲੇ ਹੋਏ ਪਰ ਸੋਚੋ ਉਨ੍ਹਾਂ ਦੇ ਗਠਜੋੜ ਦੇ ਕੁਝ ਸਾਥੀ ਵੀ ਸਨ, ਉਨ੍ਹਾਂ ਦੇ ਆਪਣੇ ਬੌਸ ਵੀ ਸਨ ਅਤੇ ਉਨ੍ਹਾਂ ਦੀਆਂ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਸਰਕਾਰ ਚਲਾ ਹੀ ਲਈ।''
ਸੈਸ਼ਨ ਦੌਰਾਨ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਕੀ ਤੁਹਾਡੀ ਪਤਨੀ ਸ਼ਬਾਨਾ ਆਜ਼ਮੀ (ਮਸ਼ਹੂਰ ਫਿਲਮ ਅਭਿਨੇਤਰੀ) ਨੇ ਕਦੇ ਕਿਹਾ ਹੈ ਕਿ 'ਤੁਸੀਂ ਮਸ਼ਹੂਰ ਸ਼ਾਇਰ ਹੋ ਪਰ ਤੁਹਾਡੇ 'ਚ ਅੱਬਾ (ਕੈਫੀ ਆਜ਼ਮੀ) ਵਾਲੀ ਗੱਲ ਨਹੀਂ।' ਆਪਣੇ ਅਤੇ ਸ਼ਬਾਨਾ ਦੀ ਯਾਦ ਨੂੰ ਸੁਣਾਉਂਦੇ ਹੋਏ ਉਨ੍ਹਾਂ ਹਲਕੇ-ਫੁਲਕੇ ਅੰਦਾਜ਼ 'ਚ ਕਿਹਾ, 'ਇਕ ਵਾਰ ਸਾਡੀ ਦੋਹਾਂ ਦੀ ਇਕ ਇੰਟਰਵਿਊ 'ਚ ਸ਼ਬਾਨਾ ਤੋਂ ਪੁੱਛਿਆ ਗਿਆ ਕਿ ਮੈਂ ਇੰਨੇ ਪ੍ਰੇਮ ਗੀਤ ਲਿਖਦਾ ਹਾਂ ਤਾਂ ਕੀ ਮੈਂ ਇੰਨਾ ਰੋਮਾਂਟਿਕ ਹਾਂ ਤਾਂ ਸ਼ਬਾਨਾ ਨੇ ਕਿਹਾ ਕਿ ਮੇਰੇ ਅੰਦਰ ਰੋਮਾਂਸ ਦੀ ਇਕ ਹੱਡੀ ਵੀ ਨਹੀਂ ਹੈ। ਇਸ 'ਤੇ ਮੈਂ ਜਵਾਬ ਦਿੱਤਾ ਕਿ ਜੋ ਲੋਕ ਸਰਕਸ 'ਚ ਕੰਮ ਕਰਦੇ ਹਨ, ਉਹ ਘਰ 'ਚ ਉਲਟੇ ਥੋੜ੍ਹੇ ਲਟਕਦੇ ਹਨ।''


Tags: Manmohan SinghJaved AkhtarShabana Azmiਜਾਵੇਦ ਅਖਤਰਮਨਮੋਹਨ ਸਿੰਘ