ਨਵੀਂ ਦਿੱਲੀ— ਜਿਵੇਂ-ਜਿਵੇਂ ਪੰਜ ਸੂਬਿਆਂ 'ਚ ਚੋਣਾਂ ਦੇ ਦਿਨ ਨਜ਼ਦੀਕ ਆ ਰਹੇ ਹਨ, ਰਾਜਨੇਤਾਵਾਂ ਦੇ ਨਾਲ ਬਾਲੀਵੁੱਡ ਦੀ ਵੀ ਦਿਲਚਸਪੀ ਵਧਦੀ ਜਾ ਰਹੀ ਹੈ। ਪਾਰਟੀਆਂ ਆਪਣੀ-ਆਪਣੀ ਕਮਰ ਕੱਸ ਰਹੀਆਂ ਹਨ ਤੇ ਕੋਈ ਵੀ ਪਾਰਟੀ ਮੌਕੇ ਨੂੰ ਹੱਥੋਂ ਨਾ ਜਾਣ ਦੇਣ ਲਈ ਹਰ ਤਰ੍ਹਾਂ ਦੇ ਦਾਅ ਲਗਾ ਰਹੀ ਹੈ। ਇਸ ਵਿਚਾਲੇ ਬੀ. ਜੇ. ਪੀ. ਖੇਮੇ ਨੂੰ ਲੈ ਕੇ ਇਕ ਵੱਡੀ ਖਬਰ ਹੈ ਕਿ ਬਾਲੀਵੁੱਡ ਦੇ ਸਟਾਰ ਕਲਾਕਾਰ ਜੈਕੀ ਸ਼ਰਾਫ ਤੇ ਅਰਜੁਨ ਰਾਮਪਾਲ ਬੀ. ਜੇ. ਪੀ. 'ਚ ਸ਼ਾਮਲ ਹੋ ਸਕਦੇ ਹਨ।
ਸੂਤਰਾਂ ਮੁਤਾਬਕ ਇਹ ਦੋਵੇਂ ਸਟਾਰ ਯੂ. ਪੀ. ਚੋਣਾਂ 'ਚ ਬੀ. ਜੇ. ਪੀ. ਦੇ ਪ੍ਰਚਾਰ ਦਾ ਅਹਿਮ ਹਿੱਸਾ ਹੋਣਗੇ। ਨਿਊਜ਼ ਏਜੰਸੀ ਏ. ਐੱਨ. ਆਈ. ਨੇ ਵੀ ਆਪਣੇ ਟਵੀਟ 'ਚ ਕਿਹਾ ਕਿ ਜੈਕੀ ਸ਼ਰਾਫ ਤੇ ਅਰਜੁਨ ਰਾਮਪਾਲ ਬੀ. ਜੇ. ਪੀ. ਦਾ ਪੱਲਾ ਫੜ ਸਕਦੇ ਹਨ। ਖਬਰਾਂ ਹਨ ਕਿ ਜੈਕੀ ਸ਼ਰਾਫ ਤੇ ਅਰਜੁਨ ਰਾਮਪਾਲ ਨੇ ਦਿੱਲੀ ਸਥਿਤ ਬੀ. ਜੇ. ਪੀ. ਦੇ ਹੈੱਡਕੁਆਰਟਰ 'ਚ ਪਾਰਟੀ ਦੇ ਮਹਾ ਸਕੱਤਰ ਕੈਲਾਸ਼ ਵਿਜੇਵਰਗੀ ਨਾਲ ਮੁਲਾਕਾਤ ਕੀਤੀ ਹੈ।
ਹਾਲ ਹੀ 'ਚ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸਾਜਿਦ ਤੇ ਵਾਜਿਦ ਨੇ ਵੀ ਬੀ. ਜੇ. ਪੀ. ਦਾ ਲੜ ਫੜਿਆ ਹੈ। ਦੱਸਣਯੋਗ ਹੈ ਕਿ ਫਰਵਰੀ ਤੇ ਮਾਰਚ ਮਹੀਨੇ 'ਚ ਦੇਸ਼ ਦੇ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ 'ਚ ਯੂ. ਪੀ. ਤੇ ਪੰਜਾਬ ਅਹਿਮ ਹਨ। ਪਾਰਟੀਆਂ ਚੋਣ ਪ੍ਰਚਾਰ 'ਚ ਭੀੜ ਇਕੱਠੀ ਕਰਨ ਲਈ ਬਾਲੀਵੁੱਡ 'ਤੇ ਨਜ਼ਰਾਂ ਰੱਖਦੀਆਂ ਰਹਿੰਦੀਆਂ ਹਨ ਤੇ ਅਜਿਹੇ ਸਮੇਂ ਹਮੇਸ਼ਾ ਕੁਝ ਵੱਡੇ ਅਭਿਨੇਤਾ ਤੇ ਅਭਿਨੇਤਰੀਆਂ ਰਾਜਨੀਤੀ ਦੇ ਅਖਾੜੇ ਦਾ ਹਿੱਸਾ ਬਣਦੇ ਹਨ।