FacebookTwitterg+Mail

ਕਾਮਯਾਬੀ ਦੀ ਨਵੀਂ ਇਬਾਰਤ ਲਿਖ ਰਹੀ ਹੈ ਪੰਜਾਬੀ ਫ਼ਿਲਮ 'ਸਰਵਣ'

sarvann running successfully all over the world
14 January, 2017 10:24:26 PM
ਜਲੰਧਰ— ਪੰਜਾਬੀ ਸਿਨੇਮਾ ਦੀ ਜਿੰਦ-ਜਾਨ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ 'ਸਰਵਣ', ਜੋ 13 ਜਨਵਰੀ ਨੂੰ ਰਿਲੀਜ਼ ਹੋਈ ਹੈ, ਨੂੰ ਦੇਸ਼-ਵਿਦੇਸ਼ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਸਿਨੇਮਾਘਰਾਂ, ਖਾਸ ਕਰਕੇ ਮਲਟੀਪਲੈਕਸ 'ਚ ਫ਼ਿਲਮ ਦੇ ਸ਼ੋਅ ਹਾਊਸਫੁਲ ਜਾ ਰਹੇ ਹਨ। ਫ਼ਿਲਮ 'ਚ ਅਮਰਿੰਦਰ ਗਿੱਲ ਨੇ ਮਿੱਠੂ ਦਾ ਕਿਰਦਾਰ ਨਿਭਾਇਆ ਹੈ, ਜੋ ਗਲਤ ਰਾਹ ਤੋਂ ਸਹੀ ਵੱਲ ਮੁੜਦਾ ਹੈ ਤੇ ਅੰਤ 'ਚ 'ਸਰਵਣ' ਬਣਦਾ ਹੈ। ਇਸ ਤੋਂ ਇਲਾਵਾ ਰਣਜੀਤ ਬਾਵਾ ਦੇ ਕੰਮ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ। 'ਬੰਬੂਕਾਟ' ਤੋਂ ਬਾਅਦ ਦਰਸ਼ਕਾਂ ਵਲੋਂ 'ਸਰਵਣ' 'ਚ ਵੀ ਸਿਮੀ ਚਾਹਲ ਦੀ ਅਦਾਕਾਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਸਿਨੇਮਾਹਾਲ 'ਚੋਂ ਬਾਹਰ ਆਉਂਦੇ ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਜਵਾਨੀ ਨੂੰ ਜੜ੍ਹਾਂ ਨਾਲ ਜੁੜਨ ਲਈ ਪ੍ਰੇਰਦੀ ਹੈ। ਫ਼ਿਲਮ ਦਾ ਵਿਸ਼ਾ ਅਲਹਿਦਾ ਹੈ ਤੇ ਅਖੀਰ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਸਿਨੇਮਾਹਾਲ 'ਚ ਦਰਸ਼ਕਾਂ ਦਾ ਵੱਡਾ ਹਿੱਸਾ ਪਰਿਵਾਰਾਂ ਸਮੇਤ ਪਹੁੰਚ ਰਿਹਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਮਰਿੰਦਰ ਗਿੱਲ ਦੀ ਫ਼ਿਲਮ ਕੁਝ ਖਾਸ ਹੀ ਹੋਵੇਗੀ। ਜਦੋਂ ਇਸ ਸੰਦਰਭ 'ਚ ਕੁਝ ਸਿਨੇਮਾ ਮਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਵਧੀਆ ਦਰਸ਼ਕ ਮਿਲ ਰਹੇ ਹਨ ਤੇ ਅਮਰਿੰਦਰ ਗਿੱਲ ਦੀ ਫ਼ਿਲਮ ਨੂੰ ਦਰਸ਼ਕ ਮਿਲਣੇ ਕੁਦਰਤੀ ਹਨ।
ਜ਼ਿਕਰਯੋਗ ਹੈ ਕਿ ਇਹ ਫ਼ਿਲਮ ਪ੍ਰਿਅੰਕਾ ਚੋਪੜਾ, ਡਾ. ਮਧੂ ਚੋਪੜਾ ਤੇ ਦੀਪਸ਼ਿਪਾ ਦੇਸ਼ਮੁਖ ਵਲੋਂ ਬਤੌਰ ਨਿਰਮਾਤਰੀਆਂ ਤਿਆਰ ਕੀਤੀ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ 'ਚ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਵਾਸੂ ਭਗਨਾਨੀ ਦਾ ਵਿਸ਼ੇਸ਼ ਯੋਗਦਾਨ ਹੈ। ਫ਼ਿਲਮ ਦੀ ਕਹਾਣੀ ਤੇ ਅਦਾਕਾਰੀ ਵਾਂਗ ਗੀਤ-ਸੰਗੀਤ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Tags: ਸਰਵਣ Sarvann ਪ੍ਰਿਅੰਕਾ ਚੋਪੜਾ Priyanka Chopra ਅਮਰਿੰਦਰ ਗਿੱਲ Amrinder Gill ਸਿਮੀ ਚਾਹਲ Simi Chahal ਰਣਜੀਤ ਬਾਵਾ Ranjit Bawa