FacebookTwitterg+Mail

ਕਾਮੇਡੀ ਭਰਪੂਰ ਸ਼ੋਅ ਹੋਵੇਗਾ 'ਹਰ ਮਰਦ ਕਾ ਦਰਦ'

    1/2
11 February, 2017 09:27:55 AM
ਮੁੰਬਈ— ਇਸ ਵੈਲੇਨਟਾਈਨ ਡੇ ਮੌਕੇ ਛੇਤੀ ਹੀ ਟੀ. ਵੀ. 'ਤੇ ਲਾਈਫ ਓਕੇ ਚੈਨਲ ਕਾਮੇਡੀ ਨਾਲ ਭਰਪੂਰ ਸ਼ੋਅ ਲੈ ਕੇ ਆ ਰਿਹਾ ਹੈ, ਜਿਸ ਦਾ ਨਾਂ ਹੈ 'ਹਰ ਮਰਦ ਕਾ ਦਰਦ'। ਡਾਇਰੈਕਟਰ ਪਰਮੀਤ ਸੇਠੀ ਦੇ ਇਸ ਸ਼ੋਅ 'ਚ ਸਮਾਜ ਦੇ ਹਰ ਮਰਦ ਦੀ ਸਮੱਸਿਆ ਨੂੰ ਇਕ ਵੱਖਰੇ ਅੰਦਾਜ਼ ਨਾਲ ਕਾਮੇਡੀ 'ਚ ਦਿਖਾਇਆ ਜਾਵੇਗਾ। ਜਿਸ 'ਚ ਦਿਖਾਇਆ ਜਾਵੇਗਾ ਕਿ ਔਰਤਾਂ ਆਖਿਰ ਚਾਹੁੰਦੀਆਂ ਕੀ ਹਨ ਤੇ ਸਮਾਜ ਦੇ ਹਰ ਮਰਦ ਦੀਆਂ ਸਮੱਸਿਆਵਾਂ ਨੂੰ ਦਿਖਾਉਣ ਦੀ ਇਕ ਕੋਸ਼ਿਸ਼ ਹੋਵੇਗੀ। ਸ਼ੋਅ ਦੀ ਕਹਾਣੀ 'ਚ ਪੰਜਾਬੀ ਤੇ ਗੁਜਰਾਤੀ ਪਰਿਵਾਰ ਦਾ ਤਾਲਮੇਲ ਦਿਖਾਇਆ ਜਾਵੇਗਾ।
'ਸੁਮਿਤ ਸੰਭਾਲ ਲੇਗਾ' ਦੀ ਸਫਲਤਾ ਤੋਂ ਬਾਅਦ ਅਭਿਨੇਤਾ ਤੇ ਸੀਰੀਅਲ ਨਿਰਦੇਸ਼ਕ ਪਰਮੀਤ ਸੇਠੀ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਇਸ ਸੀਰੀਅਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਾਮੇਡੀ ਵਿਸ਼ਾ ਅਜਿਹਾ ਹੈ, ਜੋ ਮੈਨੂੰ ਬਹੁਤ ਪਸੰਦ ਹੈ ਤੇ ਮੈਂ ਇਸ ਦਾ ਆਨੰਦ ਲੈਂਦਾ ਹਾਂ। ਜਦੋਂ ਨਿਰਮਾਤਾਵਾਂ ਨੇ ਇਸ ਪ੍ਰਾਜੈਕਟ ਸਬੰਧੀ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਸੋਚਿਆ ਕਿ ਮੈਂ ਇਸ ਦੇ ਨਾਲ ਕੁਝ ਨਵਾਂ ਕਰ ਸਕਦਾ ਹਾਂ। ਮੈਨੂੰ ਯਕੀਨ ਹੈ ਕਿ ਇਹ ਸੀਰੀਅਲ ਬਹੁਤ ਜ਼ਿਆਦਾ ਲੋਕਾਂ ਦੇ ਦਿਲਾਂ ਨੂੰ ਛੂਹ ਲਵੇਗਾ। ਸ਼ੋਅ 'ਚ ਜ਼ੀਨਲ ਬੇਲਾਨੀ ਤੇ ਫੈਜ਼ਲ ਰਾਸ਼ਿਦ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਫੈਜ਼ਲ ਰਾਸ਼ਿਦ ਦੇ ਕਿਰਦਾਰ ਦਾ ਨਾਂ ਵਿਨੋਦ ਖੰਨਾ ਹੈ। ਸ਼ੋਅ ਦੀ ਲਾਂਚਿੰਗ ਮੌਕੇ ਫੈਜ਼ਲ ਨੇ ਕਿਹਾ ਕਿ 'ਹਰ ਮਰਦ ਕਾ ਦਰਦ' ਬੇਹੱਦ ਮਜ਼ੇਦਾਰ ਤੇ ਸਹਿਜ ਕਹਾਣੀ ਹੈ। ਸ਼ੋਅ ਦੀ ਮੁੱਖ ਅਭਿਨੇਤਰੀ ਜ਼ੀਨਲ ਬੇਲਾਨੀ (ਸੋਨੂੰ) ਸੀਰੀਅਲ 'ਚ ਇਕ ਗੁਜਰਾਤੀ ਲੜਕੀ ਦਾ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ। ਹਾਲਾਂਕਿ ਉਹ ਸੀਰੀਅਲ 'ਚ ਗੁਜਰਾਤੀ ਬੋਲਦੀ ਹੋਈ ਨਹੀਂ ਦਿਖਾਈ ਦੇਵੇਗੀ ਪਰ ਜਦੋਂ ਸੋਨੂੰ ਸੀਰੀਅਲ 'ਚ ਗੱਸੇ 'ਚ ਹੋਵੇਗੀ ਤਾਂ ਉਦੋਂ ਇਕ ਕਵਿਤਾ ਜ਼ਰੂਰ ਸੁਣਾਈ ਦੇਵੇਗੀ। ਸ਼ੋਅ 'ਚ ਅਨੀਤਾ ਕੰਵਰ (ਵਿਨੋਦ ਦੀ ਦਾਦੀ ਦੇ ਕਿਰਦਾਰ 'ਚ), ਵੈਸ਼ਾਲੀ ਠੱਕਰ (ਵਿਨੋਦ ਦੀ ਮਾਂ ਅੰਜੂ ਦੇ ਕਿਰਦਾਰ 'ਚ), ਨਿਤਿਨ ਵਖੇਰੀਆ (ਸੋਨੂੰ ਦੇ ਪਿਤਾ ਟਿੱਕੂ ਦੇ ਕਿਰਦਾਰ 'ਚ) ਤੇ ਕਰਨ ਸਿੰਘ ਛਾਬੜਾ (ਵਿਨੋਦ ਦੇ ਦੋਸਤ ਦੇ ਕਿਰਦਾਰ 'ਚ) ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਪਟਿਆਲਾ ਦੀਆਂ ਗਲੀਆਂ 'ਚ ਸਿੱਖ ਮੁੰਡਾ ਡਾਂਡੀਆ ਰਾਹੀਂ ਦਰਸ਼ਕਾਂ ਦਾ ਕਰੇਗਾ ਮਨੋਰੰਜਨ
ਕਰਨ ਸਿੰਘ ਛਾਬੜਾ ਵਿਨੋਦ ਦੇ ਦੋਸਤ ਦੇ ਕਿਰਦਾਰ 'ਚ ਨਜ਼ਰ ਆਉਣਗੇ। ਉਸਨੇ ਦੱਸਿਆ ਕਿ ਪੰਜਾਬੀ ਕਿਰਦਾਰ ਦਾ ਹਿੰਦੀ ਸ਼ੋਅ 'ਚ ਹੋਣਾ ਕਾਫੀ ਵੱਖਰੀ ਪਛਾਣ ਬਣਾਉਂਦਾ ਹੈ। ਪੰਜਾਬੀ ਨੂੰ ਦੇਖ ਕੇ ਸ਼ੋਅ 'ਚ ਕਾਮੇਡੀ ਦ੍ਰਿਸ਼ ਨਾ ਹੋਣਾ ਖੁਦ-ਬ-ਖੁਦ ਸਮਝ ਆ ਜਾਂਦਾ ਹੈ। ਗੁਜਰਾਤੀ ਤੇ ਪੰਜਾਬੀ ਪਰਿਵਾਰ ਹੋਣ ਦੀ ਵਜ੍ਹਾ ਕਾਰਨ ਦਰਸ਼ਕ ਮੈਨੂੰ ਪੰਜਾਬੀ ਡਾਂਡੀਆ ਕਰਦੇ ਹੋਏ ਵੀ ਦੇਖਣਗੇ। ਸ਼ੂਟਿੰਗ ਦਾ ਕੁੱਝ ਹਿੱਸਾ ਪਟਿਆਲਾ ਦੀਆਂ ਗਲੀਆਂ 'ਚ ਸ਼ੂਟ ਹੋਇਆ ਹੈ। 'ਦੋਸਤੀ ਬਾਰੇ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਸੈੱਟ 'ਤੇ 12 ਘੰਟੇ ਰਹਿਣ ਦੇ ਬਾਵਜੂਦ ਮੈਂ ਹਮੇਸ਼ਾ ਦੋਸਤਾਂ ਦੇ ਟੱਚ 'ਚ ਰਹਿੰਦਾ ਹਾਂ। ਕਰਨ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਇਹ ਸੀਰੀਅਲ 14 ਫਰਵਰੀ ਤੋਂ ਲਾਈਫ ਓਕੇ ਚੈਨਲ 'ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8 ਵਜੇ ਪ੍ਰਸਾਰਿਤ ਹੋਵੇਗਾ।

Tags: Parmeet SethiAnita KanwarVaishali ThakkarJinal BelaniFaisal Rashidਪਰਮੀਤ ਸੇਠੀਅਨੀਤਾ ਕੰਵਰ