FacebookTwitterg+Mail

ਸੁਭਾਸ਼ ਘਈ ਨੇ ਜਗ ਬਾਣੀ ਨਾਲ ਸਾਂਝੇ ਕੀਤੇ ਵਿਚਾਰ, ਫਿਲਮ ਇੰਡਸਟਰੀ ਨਾਲ ਜੁੜੀਆਂ ਦੱਸੀਆਂ ਕੁਝ ਖਾਸ ਗੱਲਾਂ

subhash ghai
22 March, 2017 09:15:49 AM
ਅੰਮ੍ਰਿਤਸਰ— ਫਿਲਮਾਂ 'ਚ ਕੰਮ ਕਰਨ ਵਾਲੀ ਇਕ ਮਾਮੂਲੀ ਹੀਰੋਇਨ ਟੀਨਾ ਮੁਨੀਮ ਨੂੰ ਪਹਿਲੇ ਦਿਨ ਵੇਖਦਿਆਂ ਹੀ ਸੁਭਾਸ਼ ਘਈ ਨੇ ਪਛਾਣ ਲਿਆ ਸੀ ਕਿ ਇਹ ਹੁਨਰਮੰਦ ਲੜਕੀ ਆਉਣ ਵਾਲੇ ਸਮੇਂ 'ਚ ਇਕ ਨਵਾਂ ਇਤਿਹਾਸ ਸਿਰਜੇਗੀ। 'ਕਰਜ਼' ਫਿਲਮ 'ਚ ਛੋਟਾ ਰਿਹਾ ਰੋਲ ਅਦਾ ਕਰਨ ਦੇ ਬਾਵਜੂਦ ਫਿਲਮ ਦੀ ਕਾਮਯਾਬੀ ਦਾ ਪੂਰਾ ਕ੍ਰੈਡਿਟ ਟੀਨਾ ਨੂੰ ਮਿਲਿਆ। ਹਾਲਾਂਕਿ ਇਸ ਫਿਲਮ 'ਚ ਦਮਦਾਰ ਰੋਲ ਸਿੰਮੀ ਗਰੇਵਾਲ ਦਾ ਸੀ ਪਰ ਟੀਨਾ ਦਾ ਭੋਲਾਪਨ ਰੰਗ ਲਿਆਇਆ ਅਤੇ ਉਹ ਅੰਬਾਨੀ ਪਰਿਵਾਰ ਦੇ ਦਿਲ ਨੂੰ ਛੂਹ ਗਈ। ਨਤੀਜੇ ਵਜੋਂ ਟੀਨਾ ਮੁਨੀਮ ਅੰਬਾਨੀ ਪਰਿਵਾਰ ਦੀ ਨੂੰਹ ਬਣ ਕੇ ਟੀਨਾ ਅੰਬਾਨੀ ਹੋ ਗਈ। ਇਹ ਯਾਦ ਕਰਦਿਆਂ ਹੀ ਘਈ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫਿਲਮ 'ਚ ਚੰਗਾ ਕਲਾਕਾਰ ਹੋਣ ਤੋਂ ਕਿਤੇ ਵੱਧ ਚਿਹਰੇ 'ਤੇ ਸਾਫਗੋਈ ਹੈ, ਜਿਸ ਦਾ ਟੀਨਾ ਮੁਨੀਮ ਨੂੰ ਪੂਰਾ ਲਾਭ ਮਿਲਿਆ।
ਲੀਡ ਕਲਾਕਾਰਾਂ ਤੋਂ ਕਰਵਾਈ ਕਾਮੇਡੀ
ਘਈ ਦੱਸਦੇ ਹਨ ਕਿ ਆਮ ਤੌਰ 'ਤੇ ਫਿਲਮਾਂ 'ਚ ਰਿਵਾਇਤ ਸੀ ਕਿ ਕਾਮੇਡੀ ਰੋਲ ਲਈ ਪੇਸ਼ੇਵਰ ਕਾਮੇਡੀਅਨ ਨੂੰ ਹੀ ਲਿਆ ਜਾਂਦਾ ਸੀ ਪਰ ਇਸ ਰਿਵਾਇਤ ਨੂੰ ਤੋੜਦਿਆਂ ਹੀਰੋ ਦਾ ਰੋਲ ਕਰਨ ਵਾਲੇ ਅਦਾਕਾਰਾਂ ਤੋਂ ਇਸ ਤਰੀਕੇ ਨਾਲ ਕਾਮੇਡੀ ਕਰਵਾਈ ਕਿ ਇਕ ਨਵਾਂ ਟ੍ਰੈਂਡ ਚੱਲ ਪਿਆ ਅਤੇ ਕਈ ਨਾਮਵਰ ਕਲਾਕਾਰਾਂ ਨੇ ਕਾਮੇਡੀ ਨੂੰ ਖੂਬਸੂਰਤੀ ਨਾਲ ਨਿਭਾਇਆ। ਉਨ੍ਹਾਂ ਕਿਹਾ ਕਿ 'ਕਰਮਾ' 'ਚ ਅਨਿਲ ਕਪੂਰ, ਵਿਸ਼ਵਨਾਥ ਤੇ 'ਕਰਜ਼' 'ਚ ਪ੍ਰਾਣ, 'ਖਲਨਾਇਕ' 'ਚ ਸੰਜੇ ਦੱਤ ਜਿਹੇ ਉੱਘੇ ਕਲਾਕਾਰਾਂ ਨੇ ਹੀਰੋ ਦੇ ਨਾਲ ਕਾਮੇਡੀ ਨੂੰ ਵੀ ਖੂਬਸੂਰਤੀ ਨਾਲ ਨਿਭਾਇਆ।
ਚਿਹਰੇ ਦੇ ਮੁਹਾਸਿਆਂ ਨੂੰ ਬਣਾਇਆ ਮੀਨਾਕਸ਼ੀ ਸੇਸ਼ਾਦਰੀ ਦੀ ਖੂਬਸੂਰਤੀ
ਬਾਲੀਵੁੱਡ 'ਚ ਬੇਹੱਦ ਕਾਮਯਾਬ ਹੋਈ ਹੀਰੋਇਨ ਮੀਨਾਕਸ਼ੀ ਸੇਸ਼ਾਦਰੀ ਨੂੰ ਫਿਲਮੀ ਦੁਨੀਆ 'ਚ ਦਾਖਲੇ ਲਈ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਮਿਸ ਇੰਡੀਆ ਦੀ ਚੋਣ ਤੋਂ ਬਾਅਦ ਮੀਨਾਕਸ਼ੀ 2 ਸਾਲ ਤੱਕ ਫਿਲਮਾਂ 'ਚ ਬ੍ਰੇਕ ਨਹੀਂ ਲੈ ਸਕੀ, ਉਸ ਦਾ ਮੁੱਖ ਕਾਰਨ ਸੀ ਉਸ ਦੇ ਚਿਹਰੇ 'ਤੇ ਪਿੰਪਲ, ਜੋ ਇੰਨੇ ਭਾਰੀ ਸਨ ਕਿ ਮੇਕਅਪ ਨਾਲ ਵੀ ਢਕੇ ਨਹੀਂ ਸੀ ਜਾਂਦੇ ਪਰ ਸੁਭਾਸ਼ ਘਈ ਨੇ ਉਸ ਦੇ ਚਿਹਰੇ ਨੂੰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਕਿ ਖੂਬਸੂਰਤੀ ਨੂੰ ਦਾਗ ਲਾਉਂਦੇ ਮੁਹਾਸੇ ਉਸ ਦੀ ਖੂਬਸੂਰਤੀ ਬਣ ਕੇ ਨਿਕਲੇ ਅਤੇ ਸਾਲਾਂ ਤੱਕ ਮੀਨਾਕਸ਼ੀ ਦੀ ਪਛਾਣ ਇਹ ਪਿੰਪਲ ਬਣੇ ਰਹੇ।
ਸਿਫਾਰਸ਼ਾਂ ਤੋਂ ਤੰਗ ਆ ਕੇ ਖੋਲ੍ਹਿਆ ਸਕੂਲ
ਉਨ੍ਹਾਂ ਨੇ ਆਪਣੇ ਅਨੁਭਵ ਦੀਆਂ ਅਗਲੀਆਂ ਕੜੀਆਂ 'ਚ ਕਿਹਾ ਕਿ ਜੈਕੀ ਸ਼ਰਾਫ ਨੂੰ ਹੀਰੋ ਬਣਾਉਣ ਤੋਂ ਬਾਅਦ ਵੱਡੇ ਲੋਕਾਂ ਦੀਆਂ ਸਿਫਾਰਸ਼ਾਂ 'ਚ ਵਾਧਾ ਹੋਣ ਲੱਗਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਫਿਲਮਾਂ 'ਚ ਬ੍ਰੇਕ ਦਿੱਤਾ ਜਾਵੇ। ਇਸੇ ਕਾਰਨ ਉਨ੍ਹਾਂ ਨੇ ਮੁਕਤਾ ਆਰਟ ਦੇ ਬੈਨਰ ਹੇਠ 'ਵ੍ਹਿਸਲਿੰਗ ਵੁਡ' ਸਕੂਲ ਖੋਲ੍ਹਿਆ ਅਤੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਨਾ ਕੋਈ ਜੈਕੀ ਸ਼ਰਾਫ ਬਣਨ ਨੂੰ ਤਰਸੇਗਾ, ਨਾ ਸੁਭਾਸ਼ ਘਈ ਕਿਉਂਕਿ ਇਹ ਸਕੂਲ ਦੁਨੀਆ ਦੇ ਸਿਰਫ ਕੁਝ ਵਧੀਆ ਸਕੂਲਾਂ 'ਚੋਂ ਇਕ ਹੈ, ਜਿਥੇ ਵੱਡੀ ਗਿਣਤੀ 'ਚ ਲੋਕ ਟ੍ਰੇਨਿੰਗ ਲੈਂਦੇ ਹਨ।

Tags: Subhash GhaiTina AmbaniMeenakshi SeshadriJackie Shroffਸੁਭਾਸ਼ ਘਈਟੀਨਾ ਮੁਨੀਮ