FacebookTwitterg+Mail

ਸ਼ਰੁਤੀ ਨੂੰ ਆਖਿਰ ਪੁਲਸ ਜਾਂਚ ’ਚ ਸ਼ਾਮਲ ਹੋਣਾ ਪਿਆ, ‘ਬਹਿਨ...’ ਫਿਲਮ ਨੂੰ ਲੈ ਕੇ ਪੁਲਸ ਨੇ ਦਰਜ ਕੀਤੀ FIR

shruti hassan has finally got involved in police investigation
22 July, 2017 09:31:01 AM

ਜਲੰਧਰ (ਧਵਨ)-ਜਲੰਧਰ ਪੁਲਸ ਵਲੋਂ ਹਿੰਦੀ ਫਿਲਮ ‘ਬਹਿਨ ਹੋਗੀ ਤੇਰੀ’ ਵਿਚ ਭਗਵਾਨ ਸ਼ਿਵ ਦੀ ਤਸਵੀਰ ਨਾਲ ਛੇੜਛਾੜ ਕਰਨ ਦੇ ਮਾਮਲੇ ਨੂੰ ਲੈ ਕੇ 19 ਅਪ੍ਰੈਲ ਨੂੰ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਮਾਮਲੇ ਵਿਚ ਅੱਜ ਫਿਲਮ ਅਦਾਕਾਰਾ ਤੇ ਕਮਲ ਹਸਨ ਦੀ ਬੇਟੀ ਸ਼ਰੁਤੀ ਹਸਨ ਨੂੰ ਪੁਲਸ ਜਾਂਚ ਵਿਚ ਸ਼ਾਮਲ ਹੋਣਾ ਪਿਆ। ਵਧੀਕ ਜ਼ਿਲਾ ਜੱਜ ਗੁਰਨਾਮ ਸਿੰਘ ਢਿੱਲੋਂ ਦੀ ਅਦਾਲਤ ਵਲੋਂ ਸ਼ਰੁਤੀ ਹਸਨ ਨੂੰ ਸੰਮਨ ਭੇਜ ਕੇ 22 ਜੁਲਾਈ ਤੋਂ ਪਹਿਲਾਂ ਪੁਲਸ ਜਾਂਚ ਵਿਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ।
ਸ਼ਰੁਤੀ ਹਸਨ ਮੁੰਬਈ ਤੋਂ ਖਾਸ ਤੌਰ ’ਤੇ ਸ਼ੁੱਕਰਵਾਰ ਨੂੰ ਜਲੰਧਰ ਪੁੱਜੀ। ਮੁੰਬਈ ਤੋਂ ਉਹ ਫਲਾਈਟ ਲੈ ਕੇ ਅੰਮਿ੍ਰਤਸਰ ਹਵਾਈ ਅੱਡੇ ਪਹੁੰਚੀ, ਜਿਥੇ ਉਹ ਬੁਰਕਾ ਪਾ ਕੇ ਲੋਕਾਂ ਤੋਂ ਲੁਕਦੀ ਲੁਕਾਉਦੀ ਹਵਾਈ ਅੱਡੇ ਤੋਂ ਬਾਹਰ ਆਈ। ਅੰਮਿ੍ਰਤਸਰ ਤੋਂ ਕਾਰ ਵਿਚ ਬੈਠ ਕੇ ਸ਼ਰੁਤੀ ਸ਼ਾਮ ਲਗਭਗ 5 ਵਜੇ ਜਲੰਧਰ ਪਹੁੰਚੀ ਤੇ ਉਨ੍ਹਾਂ ਨੇ ਆਪਣੇ ਬਿਆਨ ਸਤਨਾਮ ਸਿੰਘ ਕੋਲ ਦਰਜ ਕਰਵਾਏ। ਇਸ ਸਮੇਂ ਡੀ. ਐੱਸ. ਪੀ. ਕਾਹਲੋਂ ਵੀ ਖਾਸ ਤੌਰ ’ਤੇ ਮੌਜੂਦ ਰਹੇ।
ਪੁਲਸ ਨੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਨੂੰ ਲੈ ਕੇ ਪੁਲਸ ਥਾਣਾ ਨੰਬਰ 5 ਵਿਚ ਧਾਰਾ 295ਏ, 120ਬੀ ਤੇ ਆਈ. ਟੀ. ਐਕਟ ਦੇ ਸੈਕਸ਼ਨ 67 ਅਧੀਨ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਐੱਫ. ਆਈ. ਆਰ. ਨੂੰ ਵੇਖਦਿਆਂ ਫਿਲਮ ਨਿਰਮਾਤਾ ਟੋਨੀ ਡਿਸੂਜਾ ਤੇ ਅਭਿਨੇਤਾ ਰਾਜ ਕੁਮਾਰ ਰਾਵ ਨੂੰ ਪਹਿਲਾਂ ਹੀ ਗਿ੍ਰਫਤਾਰ ਕਰ ਲਿਆ ਸੀ ਤੇ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ। ਅਦਾਕਾਰਾ ਸ਼ਰੁਤੀ ਹਸਨ ਪੁਲਸ ਜਾਂਚ ਵਿਚ ਹੁਣ ਤੱਕ ਸ਼ਾਮਲ ਨਹੀਂ ਹੋਈ ਸੀ। ਪੁਲਸ ਨੇ ਇਸ ਮਾਮਲੇ ਵਿਚ ਫਿਲਮ ਦੇ ਡਾਇਰੈਕਟਰ ਅਜੇ ਕੇ. ਪੰਨਾ ਲਾਲ, ਅਮੁਲ ਵਿਕਾਸ ਮੋਹਨ ਤੇ ਨਿਤਿਨ ਉਪਾਧਿਆਏ ਖਿਲਾਫ ਵੀ ਕੇਸ ਦਰਜ ਕੀਤਾ ਹੋਇਆ ਹੈ। ਅਦਾਲਤ ਨੇ 5 ਵਿਅਕਤੀਆਂ ਨੂੰ ਜ਼ਮਾਨਤਾਂ ਦਿੱਤੀਆਂ ਹੋਈਆਂ ਹਨ, ਜਿਸ ’ਤੇ ਅਗਲੀ ਸੁਣਵਾਈ 31 ਅਗਸਤ ਨੂੰ ਹੋਣੀ ਹੈ, ਜਦੋਂਕਿ ਸ਼ਰੁਤੀ ਨੂੰ ਜ਼ਮਾਨਤ ਦੇਣ ਦੇ ਮਾਮਲੇ ਵਿਚ ਸੁਣਵਾਈ 25 ਜੁਲਾਈ ਨੂੰ ਅਦਾਲਤ ਵਿਚ ਹੋਵੇਗੀ। ਸ਼ਰੁਤੀ ਅੱਜ ਚੁੱਪਚਾਪ ਮਹਾਨਗਰ ਪਹੁੰਚੀ ਤੇ ਉਨ੍ਹਾਂ ਆਪਣੇ ਜਲੰਧਰ ਆਉਣ ਦੀ ਭਿਣਕ ਤੱਕ ਕਿਸੇ ਨੂੰ ਨਹੀਂ ਪੈਣ ਦਿੱਤੀ, ਫਿਰ ਵੀ ਜਿਥੇ ਉਹ ਆਪਣੇ ਬਿਆਨ ਪੁਲਸ ਨੂੰ ਦਰਜ ਕਰਵਾ ਰਹੀ ਸੀ, ਉਥੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ।


Tags: ਜਲੰਧਰਮੁੰਬਈਫਲਾਈਟ