FacebookTwitterg+Mail

ਅਦਾਕਾਰਾ ਸੁਰਵੀਨ ਚਾਵਲਾ ਨੂੰ ਅੱਜ ਵੀ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ

surveen chawla
06 June, 2018 05:02:31 PM

ਹੁਸ਼ਿਆਰਪੁਰ (ਅਮਰਿੰਦਰ)— ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ 'ਤੇ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਬੁੱਧਵਾਰ ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ 'ਚ ਸੁਰਵੀਨ ਚਾਵਲਾ ਤੇ ਅਕਸ਼ੇ ਠੱਕਰ ਵਲੋਂ ਐਡਵੋਕੇਟ ਕੰਵਲਵੀਰ ਸਿੰਘ ਕੰਗ ਪੇਸ਼ ਹੋਏ, ਜਦਕਿ ਸ਼ਿਕਾਇਤਕਰਤਾ ਸਤਪਾਲ ਗੁਪਤਾ ਵਲੋਂ ਐਡਵੋਕੇਟ ਨਵੀਨ ਜੈਰਥ ਪੇਸ਼ ਹੋਏ। ਅਦਾਲਤ 'ਚ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 7 ਜੂਨ ਦਿਨ ਵੀਰਵਾਰ ਤੈਅ ਕੀਤੀ ਹੈ। ਅਦਾਲਤ 'ਚ ਅੱਜ ਵੀ ਸੁਰਵੀਨ ਚਾਵਲਾ ਦੇ ਪਿਤਾ ਰੰਜੀਤ ਚਾਵਲਾ ਤੇ ਮਾਂ ਜਗਦੀਪ ਕੌਰ ਚਾਵਲਾ ਚੰਡੀਗੜ੍ਹ ਤੋਂ ਆਪਣੇ ਵਕੀਲ ਨਾਲ ਆਏ ਸਨ।

ਅਦਾਲਤ 'ਚ ਵਕੀਲਾਂ ਨੇ ਕੀ ਦਿੱਤੀ ਦਲੀਲ
ਬੁੱਧਵਾਰ ਨੂੰ ਬਾਲੀਵੁੱਡ ਅਭਿਨੇਤਰੀ ਸੁਰਵੀਨ ਚਾਵਲਾ ਦੇ ਵਕੀਲ ਕੰਵਲਵੀਰ ਸਿੰਘ ਕੰਗ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਕਿ ਸੁਰਵੀਨ ਚਾਵਲਾ ਆਪਣੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਨਾਲ ਅਦਾਲਤ ਦੇ ਹੁਕਮਾਂ 'ਤੇ ਥਾਣਾ ਸਿਟੀ ਪੁਲਸ ਦੇ ਸਾਹਮਣੇ ਪੇਸ਼ ਹੋ ਕੇ ਜਾਂਚ 'ਚ ਸਹਿਯੋਗ ਕਰ ਰਹੇ ਹਨ, ਇਸ ਲਈ ਇਨ੍ਹਾਂ ਨੂੰ ਰੈਗੂਲਰ ਬੇਲ ਦਿੱਤੀ ਜਾਵੇ। ਦੂਜੇ ਪਾਸੇ ਸ਼ਿਕਾਇਤਕਰਤਾ ਸਤਪਾਲ ਗੁਪਤਾ ਦੇ ਵਕੀਲ ਨਵੀਨ ਜੈਰਥ ਤੇ ਜ਼ਿਲਾ ਅਟਾਰਨੀ ਜਾਗੀਰ ਸਿੰਘ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੱਧਰ 'ਤੇ ਹੈ। ਪੁਲਸ ਜਾਂਚ 'ਚ ਸੁਰਵੀਨ ਚਾਵਲਾ ਤੇ ਚਾਵਲਾ ਪਰਿਵਾਰ ਪੁਲਸ ਨੂੰ ਗੁੰਮਰਾਹ ਕਰ ਰਹੇ ਹਨ, ਉਥੇ ਤੱਥਾਂ ਨੂੰ ਲੁਕੋ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਸਤਪਾਲ ਗੁਪਤਾ ਨੇ ਸੁਰਵੀਨ ਚਾਵਲਾ ਤੇ ਉਸ ਦੇ ਪਰਿਵਾਰ ਦੇ ਕਹਿਣ 'ਤੇ ਜਾਰ ਪਿਕਚਰ ਦੇ ਨਾਂ 'ਤੇ 40 ਲੱਖ ਰੁਪਏ ਦੀ ਰਕਮ ਦਿੱਤੀ ਸੀ। ਉਨ੍ਹਾਂ ਨੇ ਅਦਾਲਤ ਤੋਂ ਮੰਗ ਕੀਤੀ ਕਿ ਸੁਰਵੀਨ ਚਾਵਲਾ ਨਾਲ ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਨਾਲ ਫਿਲਮ 'ਨੀਲ ਬੱਟਾ ਸੰਨਾਟਾ' ਦੇ ਨਿਰਦੇਸ਼ਕ ਅਜੇ ਜੀ. ਰਾਏ ਨਾਲ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਵਾਈ ਜਾਵੇ ਤਾਂ ਕਿ ਸੱਚ ਆਪਣੇ ਆਪ ਸਾਹਮਣੇ ਆ ਜਾਵੇ।


Tags: Surveen Chawla Akshay Thakker Fraud Case Hoshiarpur Court

Edited By

Rahul Singh

Rahul Singh is News Editor at Jagbani.