ਜੈਪੁਰ— ਅਜੇ ਦੇਵਗਨ ਦੀ ਆਉਣ ਵਾਲੀ ਫਿਲਮ 'ਬਾਦਸ਼ਾਹੋ' 'ਚ 5 ਵਿਦੇਸ਼ੀ ਕਲਾਕਾਰਾਂ ਨੇ ਜੈਸਲਮੇਰ ਜ਼ਿਲਾ ਪ੍ਰਸ਼ਾਸ਼ਨ ਦੀ ਇਜਾਜ਼ਤ ਲਏ ਬਿਨਾਂ ਫਿਲਮ ਦੀ ਸ਼ੂਟਿੰਗ 'ਚ ਹਿੱਸਾ ਲਿਆ। ਰਾਮਗੜ੍ਹ ਥਾਣੇ ਦੇ ਅਧਿਕਾਰੀ ਹਰੀ ਰਾਮ ਨੇ ਦੱਸਿਆ ਕਿ ਸਥਾਨਕ ਲੋਕਾਂ ਕੋਲੋਂ ਵਿਦੇਸ਼ੀ ਕਲਾਕਾਰਾਂ ਦੇ ਫਿਲਮ ਦੀ ਸ਼ੂਟਿੰਗ 'ਚ ਹਿੱਸਾ ਲੈਣ ਦੀ ਸੂਚਨਾ ਮਿਲਣ 'ਤੇ ਪੁਲਸ ਤੇ ਖੁਫੀਆ ਬ੍ਰਾਂਚ ਦਾ ਸਾਂਝਾ ਦਲ ਮੌਕੇ 'ਤੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਫਿਲਮ ਯੂਨਿਟ ਦੇ ਲੋਕਾਂ ਨੂੰ ਪੁਲਸ ਵਲੋਂ ਇਹ ਸੂਚਨਾ ਦੇਣ 'ਤੇ ਕਿ ਪਾਬੰਦੀਸ਼ੁਦਾ ਇਲਾਕੇ 'ਚ ਕੀਤੀ ਜਾਣ ਵਾਲੀ ਸ਼ੂਟਿੰਗ 'ਚ ਵਿਦੇਸ਼ੀ ਕਲਾਕਾਰਾਂ ਦੇ ਹਿੱਸਾ ਲੈਣ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ ਤਾਂ ਵਿਦੇਸ਼ੀ ਕਲਾਕਾਰਾਂ ਨੂੰ ਮੌਕੇ ਤੋਂ ਰਵਾਨਾ ਕਰ ਦਿੱਤਾ।
ਫਿਲਹਾਲ ਪੁਲਸ ਨੇ ਕਥਿਤ ਰੂਪ ਨਾਲ ਫਿਲਮ ਸ਼ੂਟਿੰਗ 'ਚ ਹਿੱਸਾ ਲੈਣ ਵਾਲੇ ਕਿਸੇ ਕਲਾਕਾਰ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਹੈ। ਪੁਲਸ ਮੁਤਾਬਕ ਫਿਲਮ ਦੀ ਸ਼ੂਟਿੰਗ ਐਤਵਾਰ ਨੂੰ ਸੋਨੂੰ ਇਲਾਕੇ 'ਚ ਜ਼ਿਲਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਸ਼ੁਰੂ ਹੋਈ ਸੀ। ਅਭਿਨੇਤਾ ਅਜੇ ਦੇਵਗਨ ਸਮੇਤ ਹੋਰ ਕਲਾਕਾਰ ਜੈਸਲਮੇਰ 'ਚ ਫਿਲਮ ਦੀ ਸ਼ੂਟਿੰਗ ਲਈ ਮੌਜੂਦ ਹਨ।