ਮੁੰਬਈ— ਇਨ੍ਹੀਂ ਦਿਨੀਂ ਇਕ ਟੀ. ਵੀ. ਸ਼ੋਅ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ। ਇਸ ਟੀ. ਵੀ. ਸੀਰੀਅਲ 'ਚ ਇਕ 9 ਸਾਲ ਦਾ ਲੜਕਾ ਹੈ, ਜਿਸ ਨੂੰ ਇਕ 18 ਸਾਲ ਦੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਇੰਨਾ ਹੀ ਨਹੀਂ ਫਿਰ ਉਹ ਆਪਣੇ ਤੋਂ ਦੁੱਗਣੀ ਉਮਰ ਦੀ ਉਸ ਲੜਕੀ ਨੂੰ ਵਿਆਹ ਲਈ ਪ੍ਰਪੋਜ਼ ਵੀ ਕਰ ਦਿੰਦਾ ਹੈ। ਅਸਲ 'ਚ ਸੋਨੀ ਟੈਲੀਵਿਜ਼ਨ ਦੇ ਨਵੇਂ ਸ਼ੋਅ 'ਪਹਿਰੇਦਾਰ ਪਿਆ ਕੀ' ਦੇ ਇਸ ਕੰਸੈਪਟ ਨੂੰ ਲੈ ਕੇ ਕਾਫੀ ਨਿੰਦਿਆ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੀਰੀਅਲ 'ਚ ਅਭਿਨੇਤਰੀ ਜੇਤਸਵੀ ਪ੍ਰਕਾਸ਼ 18 ਸਾਲ ਦੀ ਰਾਜਕੁਮਾਰੀ ਦਿਆ ਸਿੰਘ ਬਣੀ ਹੈ, ਜਿਸ ਦੇ ਪਤੀ ਦੀ ਉਮਰ 9 ਸਾਲ ਹੈ। ਚਾਈਲਡ ਐਕਟਰ ਅਫਾਨ ਖਾਨ ਸ਼ੋਅ 'ਚ ਰਾਜਕੁਮਾਰ ਰਤਨ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ।
ਫੇਸਬੁੱਕ 'ਤੇ ਕਰਨ ਨੇ ਕੱਢਿਆ ਸ਼ੋਅ 'ਤੇ ਗੁੱਸਾ
ਇਸ ਮਾਮਲੇ 'ਚ ਅਭਿਨੇਤਾ ਕਰਨ ਵਾਹੀ ਨੇ ਸ਼ੋਅ ਦੇ ਖਿਲਾਫ ਫੇਸਬੁੱਕ 'ਤੇ ਇਕ ਗੁੱਸੇ ਨਾਲ ਭਰੀ ਪੋਸਟ ਸ਼ੇਅਰ ਕੀਤੀ। ਕਰਨ ਨੇ ਆਪਣੀ ਪੋਸਟ 'ਚ ਲਿਖਿਆ, 'ਪਿਆਰੇ ਨਿਰਮਾਤਾ ਤੇ ਚੈਨਲ, ਮੈਂ ਸਮਝ ਸਕਦਾ ਹਾਂ ਕਿ ਅਸੀਂ 'ਹਾਊ ਆਈ ਮੈੱਟ ਯੂਅਰ ਮਦਰ' ਤੇ 'ਫਰੈਂਡਸ' ਵਰਗੇ ਸ਼ੋਅਜ਼ ਨਹੀਂ ਬਣਾ ਸਕਦੇ ਤੇ ਮੈਂ ਉਮੀਦ ਵੀ ਨਹੀਂ ਕਰਦਾ ਪਰ ਭਗਵਾਨ ਦੀ ਖਾਤਿਰ ਤੇ ਇਸ ਕਾਰਨ ਕਿ ਅਸੀਂ ਸਾਰੇ ਇਸ ਇੰਡਸਟਰੀ 'ਚ ਹਾਂ, ਬੇਨਤੀ ਹੈ ਕਿ ਮੈਨੂੰ ਟੀ. ਆਰ. ਪੀ. ਦੇਣ ਵਾਲੇ ਕੰਟੈਂਟ ਦੇ ਨਾਂ 'ਤੇ ਇਹ ਮੂਰਖਤਾ ਨਾ ਵੇਚੋ ਕਿਉਂਕਿ ਇਸ ਨੂੰ ਕੋਈ ਨਹੀਂ ਦੇਖ ਰਿਹਾ ਹੈ।'
ਇਸ ਨੂੰ ਬਿਨਾਂ ਦੇਖੇ ਜੱਜ ਨਾ ਕਰੋ
ਇਸ 'ਤੇ ਸੀਰੀਅਲ 'ਚ ਅਹਿਮ ਕਿਰਦਾਰ ਨਿਭਾਅ ਰਹੇ ਸੂਯਸ਼ ਰਾਏ ਨੇ ਕਰਨ ਨੂੰ ਕਰਾਰਾ ਜਵਾਬ ਦੇਣ ਲਈ ਇੰਸਟਾਗ੍ਰਾਮ 'ਤੇ ਲੰਮਾ-ਚੌੜਾ ਮੈਸਿਜ ਲਿਖਿਆ ਹੈ। ਸੂਯਸ਼ ਨੇ ਲਿਖਿਆ, 'ਪਹਿਰੇਦਾਰ ਪਿਆ ਕੀ ਦੀ ਪੂਰੀ ਟੀਮ ਦਾ ਇਸ ਸ਼ੋਅ ਨਾਲ ਲਗਾਅ ਹੈ। ਅਸੀਂ ਸਾਰਿਆਂ ਨੇ ਇਸ ਲਈ ਬਹੁਤ ਮਿਹਨਤ ਕੀਤੀ ਹੈ ਤੇ ਅੱਗੇ ਵੀ ਕਰਦੇ ਰਹਾਂਗੇ। ਸ਼ੋਅ ਦਾ ਸੁਨੇਹਾ ਬਾਲ ਵਿਆਹ ਜਾਂ ਅਜਿਹੀ ਕਿਸੇ ਚੀਜ਼ ਨੂੰ ਬੜ੍ਹਾਵਾ ਦੇਣ ਦਾ ਨਹੀਂ ਹੈ। ਇਹ ਸ਼ੋਅ ਅਲੱਗ ਹੈ, ਕਿਰਪਾ ਕਰਕੇ ਇਸ ਨੂੰ ਬਿਨਾਂ ਦੇਖੇ ਜੱਜ ਨਾ ਕਰੋ, ਨਾ ਹੀ ਕਿਸੇ ਨਤੀਜੇ 'ਤੇ ਪਹੁੰਚੇ।'