ਜਲੰਧਰ (ਵੈੱਬ ਡੈਸਕ) — ਮਨੋਰੰਜਨ ਜਗਤ ਤੋਂ ਲਗਾਤਾਰ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਸਭ ਦੇ ਚਲਦਿਆਂ ਛੋਟੇ ਪਰਦੇ ਦੇ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ 10:30 ਵਜੇ ਆਪਣੇ ਘਰ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਨਮੀਤ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ 'ਚ ਕਿਰਾਏ ਦੇ ਫਲੈਟ 'ਚ ਰਹਿੰਦਾ ਸੀ। ਪਹਿਲਾਂ ਤੋਂ ਕਰਜ਼ 'ਚ ਡੁੱਬੇ ਤੇ ਆਰਥਿਕ ਤੰਗੀ ਨਾਲ ਜੂਝ ਰਿਹਾ ਮਨਮੀਤ ਗਰੇਵਾਲ ਲੌਕਡਾਊਨ ਕਾਰਨ ਛੋਟੇ-ਮੋਟੇ ਕੰਮ ਵੀ ਬੰਦ ਹੋ ਜਾਣ ਤੋਂ ਕਾਫੀ ਪਰੇਸ਼ਾਨ ਸੀ।ਇੱਥੋਂ ਤਕ ਕਿ ਘਰ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਸੀ, ਜਿਸ ਦੇ ਚੱਲਦਿਆਂ ਉਹ ਡਿਪੈਰਸ਼ਨ ਦਾ ਸ਼ਿਕਾਰ ਹੋ ਗਿਆ। ਮਨਮੀਤ ਗਰੇਵਾਲ ਦੇ ਖਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਦਾ ਕਰਜ਼ ਲਿਆ ਹੋਇਆ ਸੀ। ਲੌਕਡਾਊਨ ਕਾਰਨ ਕੋਈ ਕਮਾਈ ਨਹੀਂ ਹੋ ਰਹੀ ਸੀ, ਜਿਸ ਕਾਰਨ ਉਹ ਉਧਾਰ ਲਿਆ ਪੈਸਾ ਵੀ ਮੋੜਨ ਤੋਂ ਅਸਮਰਥ ਸੀ।

ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮਨਜੀਤ ਨੇ ਦੱਸਿਆ ਕਿ ਫਾਂਸੀ ਲਾਉਣ ਮਗਰੋਂ ਉਨ੍ਹਾਂ ਦੀ ਪਤਨੀ ਨੇ ਪਤੀ ਦੀ ਲਮਕਦੀ ਲਾਸ਼ ਨੂੰ ਹੇਠਾਂ ਤੋਂ ਫੜ੍ਹਿਆ ਸੀ ਅਤੇ ਉਹ ਲੋਕਾਂ ਨੂੰ ਉਸ ਦੀ ਗਰਦਨ 'ਚ ਬੰਨ੍ਹਿਆ ਦੁਪੱਟਾ ਕੈਂਚੀ ਨਾਲ ਕੱਟਣ ਦੀ ਗੁਹਾਰ ਲਾਉਂਦੀ ਰਹੀ। ਕੋਰੋਨਾ ਵਾਇਰਸ ਦੇ ਡਰ ਕਾਰਨ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਇੱਥੋਂ ਤਕ ਕਿ ਕੁਝ ਸਮੇਂ ਬਾਅਦ ਪਹੁੰਚੇ ਡਾਕਟਰ ਅਤੇ ਪੁਲਸ ਨੇ ਵੀ ਕੋਈ ਮਦਦ ਨਾ ਕੀਤੀ। ਕਰੀਬ ਇਕ ਘੰਟੇ ਬਾਅਦ ਬਿਲਡਿੰਗ ਦੇ ਗਾਰਡ ਨੇ ਮਨਮੀਤ ਦੇ ਗਲੇ 'ਚੋਂ ਦੁਪੱਟਾ ਕੱਟਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।