ਮੁੰਬਈ (ਬਿਊਰੋ)— ਆਮਿਰ ਖਾਨ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸੁਨੀਲ ਦੱਤ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਸਾਲ 1993 ਦੇ ਮੁੰਬਈ ਦੰਗਿਆਂ ਦੌਰਾਨ ਉਨ੍ਹਾਂ ਨੇ ਦੱਤ ਸਾਹਿਬ ਨਾਲ ਮਹਾਤਮਾ ਗਾਂਧੀ ਦੀ ਪ੍ਰਤਿਮਾ (ਮੂਰਤੀ) ਹੇਠਾਂ ਇਕ ਰਾਤ ਬਿਤਾਈ ਸੀ। ਆਮਿਰ ਨੇ ਕਿਹਾ ਕਿ ਉਹ ਸੁਨੀਲ ਦੱਤ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ 'ਇੱਜ਼ਤਦਾਰ ਅਤੇ ਸਨਮਾਨਿਤ' ਵਿਆਕਤੀ ਦੇ ਤੌਰ 'ਤੇ ਸੁਨੀਲ ਦੱਤ ਅਤੇ ਫਿਲਮ ਇੰਡਸਟਰੀ ਦੇ ਤਿੰਨ ਬਾਕੀ ਦਿੱਗਜਾਂ ਨਾਲ ਮਹਾਤਮਾ ਗਾਂਧੀ ਦੀ ਮੂਰਤੀ ਹੇਠਾਂ ਰਾਤ ਬਿਤਾਈ ਸੀ। ਆਮਿਰ ਨੇ ਕਿਹਾ, ''ਜਦੋਂ 1993 'ਚ ਮੁੰਬਈ ਦੰਗੇ ਹੋਏ ਤਾਂ ਫਿਲਮ ਇੰਡਸਟਰੀ ਨੇ ਇਹ ਕਹਿੰਦੇ ਹੋਏ ਮੁੱਖ ਮੰਤਰੀ ਕੋਲ੍ਹ ਇਕ ਵਫਦ ਭੇਜਿਆ ਕਿ ਫੌਜ ਬੁਲਾਓ ਅਤੇ ਦੰਗਿਆ ਨੂੰ ਰੋਕਣ ਲਈ ਜੋ ਵੀ ਕਰਨਾ ਪਵੇ ਉਹ ਕਰੋ। ਕਰੀਬ 30-40 ਲੋਕ ਮੁੱਖ ਮੰਤਰੀ ਦੇ ਦਫਤਰ ਗਏ। ਅਸੀਂ ਤੈਅ ਕੀਤਾ ਕਿ ਅਸੀਂ ਮੰਤਰਾਲੇ ਦੇ ਨੇੜੇ ਮਹਾਤਮਾ ਗਾਂਧੀ ਦੀ ਪ੍ਰਤਿਮਾ ਕੋਲ੍ਹ ਬੈਠਾਂਗੇ ਅਤੇ ਦੰਗਿਆਂ ਨੂੰ ਰੋਕਣ ਲਈ ਖੁੱਲ੍ਹੇ 'ਚ ਪ੍ਰਦਰਸ਼ਨ ਕਰਾਂਗੇ ਅਤੇ ਜਦੋਂ ਤੱਕ ਹਿੰਸਾ ਰੁੱਕ ਨਹੀਂ ਜਾਂਦੀ, ਉਸ ਸਮੇਂ ਤੱਕ ਅਸੀਂ ਨਹੀਂ ਉਠਾਂਗੇ।
ਅਸੀਂ ਮੁੜ ਗਏ। ਮੈਂ ਦੱਤ ਸਾਹਿਬ, ਯਸ਼ ਚੋਪੜਾ ਜੀ, ਜਾਨੀ ਵਾਕਰ ਅਤੇ ਇਕ ਨਿਰਮਾਤਾ ਸਮੇਤ ਅਸੀਂ ਪੰਜ ਲੋਕ ਪ੍ਰਦਰਸ਼ਨ ਦੀ ਪਹਿਲੀ ਰਾਤ ਉੱਥੇ ਸੀ।'' ਸੀਨੀਅਰ ਕਲਾਕਾਰਾਂ ਨਾਲ ਬਿਤਾਏ ਸਮੇਂ ਨੂੰ ਯਾਦਗਾਰ ਦੱਸਦੇ ਹੋਏ 'ਦੰਗਲ' ਅਭਿਨੇਤਾ ਨੇ ਕਿਹਾ ਕਿ ਸਾਰਿਆ ਨੇ ਆਪਣੇ ਕਰੀਅਰ ਦੀਆਂ ਕਹਾਣੀਆਂ ਸੁਣਾਉਂਦੇ ਹੋਏ ਰਾਤ ਗੁਜ਼ਾਰੀ। ਹਿੰਦੀ ਸਿਨੇਮਾ 'ਚ 30 ਸਾਲ ਪੂਰੇ ਕਰਨ ਵਾਲੇ ਅਭਿਨੇਤਾ ਨੇ ਕਿਹਾ, ''ਮੈਂ ਦੱਤ ਸਾਹਿਬ, ਯਸ਼ ਜੀ ਅਤੇ ਜਾਨੀ ਵਾਕਰ ਦੇ ਕਰੀਅਰ ਦੀਆਂ ਕਹਾਣੀਆਂ ਸੁਣ ਰਿਹਾ ਸੀ। ਉਹ ਸ਼ਾਨਦਾਰ ਸਮਾਂ ਸੀ। ਪ੍ਰਤਿਮਾ ਹੇਠਾਂ ਮੇਰੇ ਲਈ ਇਹ ਯਾਦਗਾਰ ਰਾਤ ਸੀ। ਅਗਲੀ ਸ਼ਾਮ ਮੁੱਖ ਮੰਤਰੀ ਨੇ ਕੁਝ ਕਾਰਵਾਈ ਕੀਤੀ ਅਤੇ ਚੀਜ਼ਾਂ ਪਹਿਲਾਂ ਵਾਂਗ ਸਾਧਾਰਨ ਹੋ ਗਈਆਂ। ਜ਼ਿਕਰਯੋਗ ਹੈ ਕਿ ਆਮਿਰ ਆਪਣੀ ਅਗਲੀ ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਰੁੱਝੇ ਹੋਏ ਹਨ, ਜੋ ਦਸੰਬਰ ਨੂੰ ਰਿਲੀਜ਼ ਹੋਵੇਗੀ। ਗੁਲਸ਼ਨ ਕੁਮਾਰ ਦੀ ਬਾਇਓਪਿਕ 'ਮੋਗੁਲ' 'ਚ ਪਹਿਲਾਂ ਅਕਸ਼ੈ ਕੁਮਾਰ ਨੂੰ ਮੁੱਖ ਭੁਮਿਕਾ ਨਿਭਾਉਣੀ ਸੀ ਪਰ ਹੁਣ ਉਨ੍ਹਾਂ ਦੇ ਫਿਲਮ ਛੱਡਣ ਤੋਂ ਬਾਅਦ ਆਮਿਰ ਇਹ ਭੂਮਿਕਾ ਨਿਭਾਅ ਸਕਦੇ ਹਨ।