ਜਲੰਧਰ (ਬਿਊਰੋ)— ਆਮਿਰ ਖਾਨ ਅਕਸਰ ਐੱਲ. ਜੀ. ਬੀ. ਟੀ. ਭਾਈਚਾਰੇ ਦੇ ਮੁੱਦੇ 'ਤੇ ਆਪਣੀ ਸਹਿਮਤੀ ਪੇਸ਼ ਕਰਦੇ ਆਏ ਹਨ ਤੇ ਅੱਜ ਧਾਰਾ 377 ਰੱਦ ਹੋਣ ਦੀ ਖੁਸ਼ੀ 'ਚ ਆਮਿਰ ਖਾਨ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ 'ਸਤਯਮੇਵ ਜਯਤੇ' ਦੇ ਤੀਜੇ ਸੀਜ਼ਨ ਦੇ ਤੀਜੇ ਐਪੀਸੋਡ 'ਚ ਦਰਸ਼ਕਾਂ ਨਾਲ ਗੱਲਬਾਤ ਦੌਰਾਨ ਆਮਿਰ ਖਾਨ ਨੇ ਐੱਲ. ਜੀ. ਬੀ. ਟੀ. ਭਾਈਚਾਰੇ ਨੂੰ ਸਮਾਜ ਤੇ ਸਰਕਾਰ ਕੋਲੋਂ ਹੋ ਰਹੀਆਂ ਪ੍ਰੇਸ਼ਾਨੀਆਂ ਦੇ ਮੁੱਦੇ 'ਤੇ ਵਿਸਥਾਰ ਨਾਲ ਗੱਲ ਕੀਤੀ ਸੀ।
ਆਮਿਰ ਖਾਨ ਨੇ ਟਵਿਟਰ 'ਤੇ 'ਸਤਯਮੇਵ ਜਯਤੇ' ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, 'ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਆਪਣੇ ਫੈਸਲੇ ਨਾਲ 377 ਧਾਰਾ ਰੱਦ ਕਰ ਦਿੱਤੀ ਹੈ। ਇਹ ਉਨ੍ਹਾਂ ਲੋਕਾਂ ਲਈ ਇਕ ਇਤਿਹਾਸਕ ਦਿਨ ਹੈ, ਜੋ ਸਮਾਨ ਅਧਿਕਾਰ 'ਚ ਯਕੀਨ ਰੱਖਦੇ ਹਨ। ਨਿਆ ਪਾਲਿਕਾ ਨੇ ਆਪਣਾ ਫਰਜ਼ ਨਿਭਾਇਆ ਤੇ ਹੁਣ ਅਸੀਂ ਆਪਣਾ ਫਰਜ਼ ਨਿਭਾਉਣਾ ਹੈ।'