ਮੁੰਬਈ (ਬਿਊਰੋ) — ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੂੰ ਆਪਣਾ ਲੱਕੀ ਚਾਰਮ ਮੰਨਦਾ ਹੈ। ਅਜੇ ਦੇਵਗਨ ਦੀ ਫਿਲਮ 'ਤਾਨਾਜੀ : ਦਿ ਅਨਸੰਗ ਵਾਰੀਅਰ' ਬੀਤੇ ਦਿਨੀਂ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਵਿਚ ਅਜੇ ਦੇਵਗਨ ਤੋਂ ਇਲਾਵਾ ਕਾਜੋਲ ਅਤੇ ਸੈਫ ਅਲੀ ਖਾਨ ਵੀ ਅਹਿਮ ਕਿਰਦਾਰ 'ਚ ਹਨ। ਅਜੇ ਦੇਵਗਨ ਨੇ ਆਮਿਰ ਖਾਨ ਦੇ ਨਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਮਿਰ ਖਾਨ ਨੂੰ ਆਪਣਾ 'ਲੱਕੀ ਚਾਰਮ' ਦੱਸਿਆ ਹੈ।
ਦੱਸ ਦਈਏ ਕਿ ਇਸ ਵੀਡੀਓ ਨੂੰ ਪੋਸਟ ਕਰਦਿਆਂ ਅਜੇ ਦੇਵਗਨ ਨੇ ਲਿਖਿਆ, ''ਫਿਲਮ 'ਗੋਲਮਾਲ ਅਗੇਨ', 'ਟੋਟਲ ਧਮਾਲ' ਅਤੇ ਹੁਣ 'ਤਾਨਾਜੀ' ਸਾਡੇ ਲੱਕੀ ਚਾਰਮ ਨਾਲ। ਆਮਿਰ ਖਾਨ।'' ਫਿਲਮ 'ਗੋਲਮਾਲ ਅਗੇਨ' ਅਤੇ 'ਟੋਟਲ ਧਮਾਲ' ਦੀ ਰਿਲੀਜ਼ਿੰਗ ਤੋਂ ਪਹਿਲਾਂ ਅਜੇ ਦੇਵਗਨ ਨੇ ਆਮਿਰ ਖਾਨ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੋਹਾਂ ਦੀਆਂ ਫਿਲਮਾਂ ਹਿੱਟ ਰਹੀਆਂ। ਹੁਣ ਅਜੇ ਦੇਵਗਨ ਨੇ 'ਤਾਨਾਜੀ' ਤੋਂ ਪਹਿਲਾਂ ਵੀ ਆਮਿਰ ਖਾਨ ਨਾਲ ਤਸਵੀਰ ਖਿਚਵਾਈ ਤਾਂ ਕਿ ਉਸ ਦੀ ਇਹ ਫਿਲਮ ਵੀ ਸੁਪਰਹਿੱਟ ਸਿੱਧ ਹੋਵੇ।