ਮੁੰਬਈ (ਬਿਊਰੋ) — ਜੂਹੀ ਚਾਵਲਾ ਅੱਜ ਆਪਣਾ 52ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 13 ਨਵੰਬਰ, 1967 ਨੂੰ ਪੰਜਾਬ 'ਚ ਹੋਇਆ। ਉਨ੍ਹਾਂ ਦੇ ਫੈਨਜ਼ ਹਮੇਸ਼ਾ ਉਨ੍ਹਾਂ ਨੂੰ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਰਹਿੰਦੇ ਹਨ। ਜੂਹੀ ਚਾਵਲਾ 'ਕਯਾਮਤ ਸੇ ਕਯਾਮਤ ਤੱਕ', 'ਬੋਲ ਰਾਧਾ ਬੋਲ', 'ਰਾਜੂ ਬਣ ਗਿਆ ਜੈਂਟਲਮੈਨ', 'ਹਮ ਹੈਂ ਰਾਹੀਂ ਪਿਆਰ ਕੇ', 'ਡਰ' ਵਰਗੀਆਂ ਫਿਲਮਾਂ 'ਚ ਬਿਹਤਰੀਨ ਅਦਾਕਾਰੀ ਕਰ ਚੁੱਕੀ ਹੈ। ਬਾਲੀਵੁੱਡ ਦੀਆਂ ਰੋਮਾਂਟਿਕ ਫਿਲਮਾਂ 'ਚੋਂ ਇਕ 'ਕਿਆਮਤ ਸੇ ਕਿਆਮਤ ਤੱਕ' ਨੂੰ 30 ਸਾਲ ਪਹਿਲਾਂ 29 ਅਪ੍ਰੈਲ 1988 'ਚ ਰਿਲੀਜ਼ ਕੀਤਾ ਗਿਆ ਸੀ।
ਇਸ ਸੁਪਰਹਿੱਟ ਫਿਲਮ ਦੀ ਸ਼ੂਟਿੰਗ ਦੌਰਾਨ ਆਮਿਰ ਖਾਨ ਅਤੇ ਜੂਹੀ ਚਾਵਲਾ ਵਿਚਕਾਰ ਇਕ ਕਿੱਸਿੰਗ ਸੀਨ ਸ਼ੂਟ ਹੋਣਾ ਸੀ। ਅਸਲ 'ਚ ਫਿਲਮ ਦੇ ਗੀਤ 'ਅਕੇਲੇ ਹੈਂ ਤੋ ਕਿਆ ਗਮ ਹੈ' ਦੀ ਸ਼ੂਟਿੰਗ ਦੌਰਾਨ ਜੂਹੀ ਚਾਵਲਾ ਨੂੰ ਆਮਿਰ ਨੂੰ ਗੱਲ੍ਹ ਅਤੇ ਮੱਥੇ 'ਤੇ ਕਿੱਸ ਕਰਨੀ ਸੀ ਪਰ ਜੂਹੀ ਨੇ ਕਿੱਸ ਕਰਨ ਤੋਂ ਇਨਕਾਰ ਕਰ ਦਿੱਤਾ। ਜੂਹੀ ਦੇ ਇਨਕਾਰ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਮੰਸੂਰ ਖਾਨ ਨੇ ਸ਼ੂਟਿੰਗ ਕਰੀਬ 10 ਮਿੰਟ ਲਈ ਰੋਕ ਦਿੱਤੀ ਸੀ।
ਉਹ ਇੰਨਾ ਪ੍ਰੇਸ਼ਾਨ ਹੋ ਗਏ ਕਿ ਪੂਰੀ ਯੂਨਿਟ ਨੂੰ ਕਹਿ ਦਿੱਤਾ ਕਿ ਕੋਈ ਕੰਮ ਨਹੀਂ ਹੋਵੇਗਾ, ਸਭ ਕੁਝ ਰੋਕ ਦਿਓ। ਸ਼ੂਟਿੰਗ ਰੁੱਕਣ ਤੋਂ ਬਾਅਦ ਜੂਹੀ ਨੂੰ ਸੀਨ ਦੇ ਬਾਰੇ 'ਚ ਸਮਝਾਇਆ ਗਿਆ। ਆਖਿਰਕਾਰ ਥੋੜੀ ਦੇਰ ਬਾਅਦ ਜੂਹੀ ਨੂੰ ਸਮਝ ਆਇਆ ਕਿ ਇਹ ਸਕ੍ਰਿਪਟ ਦੀ ਡਿਮਾਂਡ ਹੈ ਅਤੇ ਉਨ੍ਹਾਂ ਨੇ ਸੀਨ ਲਈ ਹਾਂ ਕਹਿ ਦਿੱਤਾ। ਇਸ ਕਿੱਸੇ ਨੂੰ ਯਾਦ ਕਰਦੇ ਹੋਏ ਮੰਸੂਰ ਖਾਨ ਨੇ ਫਿਲਮ ਨਾਲ ਜੁੜਿਆ ਇਕ ਰਾਜ਼ ਖੋਲ੍ਹਿਆ।
ਉਨ੍ਹਾਂ ਨੇ ਦੱਸਿਆ ਕਿ ਫਿਲਮ ਦੇ ਦੋ ਕਲਾਈਮੈਕਸ ਸ਼ੂਟ ਕੀਤੇ ਗਏ ਸਨ। ਸਾਰੇ ਚਾਹੁੰਦੇ ਸਨ ਕਿ ਹੈਪੀ ਐਂਡਿੰਗ ਹੋਵੇ ਪਰ ਫਿਲਮ ਦੀ ਕਹਾਣੀ ਦੀ ਡੂੰਘਾਈ ਨੂੰ ਦੇਖਦੇ ਹੋਏ ਇਸ ਦੀ ਕਲਾਈਮੈਕਸ ਬਦਲ ਦਿੱਤਾ ਗਿਆ।
ਇਹ ਫਿਲਮ 1988 ਨੂੰ ਰਿਲੀਜ਼ ਹੋਈ ਸੀ। ਫਿਲਮ ਸੁਪਰਹਿੱਟ ਸਿੱਧ ਹੋਣ ਦੇ ਨਾਲ ਇਸ ਨੇ ਇੰਡਸਟਰੀ ਨੂੰ ਦੋ ਵੱਡੇ ਸਟਾਰ ਆਮਿਰ ਖਾਨ ਅਤੇ ਜੂਹੀ ਚਾਵਲਾ ਵੀ ਦਿੱਤੇ।
ਸਾਲ 1988 'ਚ ਜੂਹੀ ਦੇ ਕਰੀਅਰ ਦੀ ਪਹਿਲੀ ਹਿੱਟ ਫਿਲਮ 'ਕਯਾਮਤ ਸੇ ਕਯਾਮਤ ਤੱਕ' 'ਚ ਕੰਮ ਕੀਤਾ, ਜਿਸ 'ਚ ਉਨ੍ਹਾਂ ਨਾਲ ਲੀਡ ਅਭਿਨੇਤਾ ਆਮਿਰ ਖਾਨ ਹਨ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਰਹੀ। ਇਸ ਫਿਲਮ ਲਈ ਜੂਹੀ ਨੂੰ 'ਬੈਸਟ ਡੈਬਿਊ ਫੀਮੇਲ' ਦਾ ਐਵਾਰਡ ਵੀ ਦਿੱਤਾ ਗਿਆ। ਫਿਲਮਾਂ ਤੋਂ ਇਲਾਵਾ ਜੂਹੀ ਟੀ. ਵੀ. 'ਤੇ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 3 ਨੂੰ ਜੱਜ ਕਰ ਚੁੱਕੀ ਹੈ ਅਤੇ ਸ਼ਾਹਰੁਖ ਨਾਲ ਮਿਲ ਕੇ ਫਿਲਮ ਪ੍ਰੋਡਕਸ਼ਨ 'ਚ ਕਦਮ ਰੱਖ ਕੇ 'ਫਿਰ ਭੀ ਦਿਲ ਹੈ ਹਿੰਦੋਸਤਾਨੀ', 'ਅਸ਼ੋਕਾ' ਅਤੇ 'ਚਲਤੇ ਚਲਤੇ' ਫਿਲਮਾਂ ਪ੍ਰੋਡਿਊਸ ਕੀਤੀਆਂ ਸਨ।
ਸਾਲ 1998 'ਚ ਜੂਹੀ ਚਾਵਲਾ ਨੇ ਬਿਜ਼ਨੈੱਸਮੈਨ ਜੈ ਮਹਿਤਾ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇਕ ਬੇਟੀ ਜਾਨਹਵੀ ਤੇ ਬੇਟਾ ਅਰਜੁਨ ਹੈ। ਮੁੰਬਈ 'ਚ ਜੂਹੀ ਨੇ ਮਿਸ ਇੰਡੀਆ ਦੇ ਮੁਕਾਬਲੇ 'ਚ ਹਿੱਸਾ ਲਿਆ ਅਤੇ ਸਾਲ 1984 'ਚ 'ਮਿਸ ਇੰਡੀਆ' ਬਣ ਗਈ।
ਜੂਹੀ ਨੇ 1986 'ਚ ਫਿਲਮ 'ਸਲਤਨਤ' 'ਚ ਜ਼ਰੀਨਾ ਦੇ ਕਿਰਦਾਰ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ। ਫਿਰ ਸਾਊਥ ਜਾ ਕੇ 1987 'ਚ ਮਸ਼ਹੂਰ ਨਿਰਦੇਸ਼ਕ 'ਰਵੀਚੰਦਰਨ' ਦੀ ਫਿਲਮ 'ਪ੍ਰੇਮਲੋਕਾ' 'ਚ ਜੂਹੀ ਨੇ ਕੰਮ ਕੀਤਾ ਜੋ ਉਸ ਸਮੇਂ ਬਲਾਕਬਸਟਰ ਸਾਬਤ ਹੋਈ।