ਮੁੰਬਈ— ਰੈਸਲਿੰਗ 'ਤੇ ਆਧਾਰਿਤ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਦੰਗਲ' ਰਿਲੀਜ਼ ਲਈ ਤਿਆਰ ਹੈ ਪਰ ਅੱਜਕਲ ਆਮਿਰ ਇਸ ਫਿਲਮ ਲਈ ਇਕ ਪ੍ਰਮੋਸ਼ਨਲ ਗੀਤ ਤਿਆਰ ਕਰ ਰਹੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਨਾਲ ਇਸ ਦੀ ਹਰ ਪੱਖੋਂ ਤੁਲਨਾ ਕੀਤੀ ਜਾ ਰਹੀ ਹੈ। ਦੋਵਾਂ ਹੀ ਫਿਲਮਾਂ ਰੈਸਲਿੰਗ 'ਤੇ ਆਧਾਰਿਤ ਹਨ। ਦੋਵਾਂ ਹੀ ਫਿਲਮਾਂ ਲਈ ਦੋਵਾਂ ਸਿਤਾਰਿਆਂ ਨੇ ਆਪਣੇ ਸਰੀਰ 'ਤੇ ਕਾਫੀ ਮਿਹਨਤ ਕਰਕੇ ਬਦਲਾਅ ਕੀਤਾ ਹੈ।
ਹੁਣ ਜਦੋਂ ਸਲਮਾਨ ਖਾਨ ਦੀ 'ਸੁਲਤਾਨ' ਬਾਕਸ ਆਫਿਸ 'ਤੇ ਇਕ ਤਗੜਾ ਰਿਕਾਰਡ ਬਣਾ ਚੁਕੀ ਹੈ ਤਾਂ ਆਮਿਰ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਦਰਸ਼ਕਾਂ ਤੇ ਫੈਨਜ਼ ਦੀਆਂ ਉਮੀਦਾਂ ਵੀ ਆਮਿਰ ਤੋਂ ਕਾਫੀ ਜ਼ਿਆਦਾ ਹਨ। ਅਜਿਹੇ 'ਚ ਆਮਿਰ ਬਾਕਸ ਆਫਿਸ 'ਤੇ ਸਲਮਾਨ ਦੇ ਰਿਕਾਰਡ ਤੋੜਨ ਦੇ ਤਰੀਕੇ ਲੱਭ ਰਹੇ ਹਨ। ਉਹ ਲਗਾਤਾਰ ਆਪਣੀ ਕ੍ਰਿਏਟਿਵ ਟੀਮ ਨਾਲ ਮੀਟਿੰਗ ਕਰ ਰਹੇ ਹਨ ਤੇ ਫਿਲਮ ਦੀ ਮਾਰਕੀਟਿੰਗ ਤੇ ਪ੍ਰਮੋਸ਼ਨ ਨੂੰ ਲੈ ਕੇ ਰਣਨੀਤੀਆਂ ਬਣਾ ਰਹੇ ਹਨ।
ਆਮਿਰ ਦਾ ਮੰਨਣਾ ਹੈ ਕਿ ਇਸ ਫਿਲਮ ਨੂੰ ਰੈਸਲਿੰਗ ਦੇ ਆਲੇ-ਦੁਆਲੇ ਨਾ ਦਿਖਾ ਕੇ 'ਨਾਰੀ ਸਸ਼ਕਤੀਕਰਨ' ਦੇ ਆਧਾਰ 'ਤੇ ਪ੍ਰਮੋਟ ਕਰਨਾ ਚਾਹੀਦਾ ਹੈ। ਫਿਲਮ ਦੀ ਕਹਾਣੀ ਵੀ ਇਹੀ ਹੈ ਕਿ ਕਿਵੇਂ ਇਕ ਰੈਸਲਰ ਆਪਣੀਆਂ ਬੇਟੀਆਂ ਨੂੰ ਸ਼ੋਹਰਤ ਹਾਸਲ ਕਰਨ ਲਈ ਉਨ੍ਹਾਂ ਦਾ ਸਮਰਥਨ ਕਰਦਾ ਹੈ। ਲੜਕੀਆਂ 2010 ਕਾਮਨਵੈਲਥ ਗੇਮਜ਼ 'ਚ ਭਾਰਤ ਦੀ ਅਗਵਾਈ ਕਰਦੀਆਂ ਹਨ ਤੇ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ਲਿਆਂਦੀਆਂ ਹਨ।
'ਦੰਗਲ' 'ਚ ਫਾਤਿਮਾ ਸਨਾ ਸ਼ੇਖ ਤੇ ਸਾਨਿਆ ਮਲਹੋਤਰਾ ਨੇ ਆਮਿਰ ਦੀਆਂ ਬੇਟੀਆਂ ਗੀਤਾ ਫੋਗਟ ਤੇ ਬਬੀਤਾ ਕੁਮਾਰੀ ਦਾ ਕਿਰਦਾਰ ਨਿਭਾਇਆ ਹੈ। ਇਨ੍ਹਾਂ ਦੋਵਾਂ ਨਾਲ ਹੀ ਆਮਿਰ ਨੇ ਇਹ ਪ੍ਰਮੋਸ਼ਨਲ ਗੀਤ ਸ਼ੂਟ ਕੀਤਾ ਹੈ। ਆਮਿਰ ਨੇ ਆਪਣੀਆਂ ਚਾਰੇ ਬੇਟੀਆਂ ਨਾਲ ਫਿਲਮ ਦਾ ਦੂਜਾ ਪੋਸਟਰ ਅਜੇ ਲਾਂਚ ਕੀਤਾ ਹੈ, ਜਿਸ ਦੀ ਕੈਪਸ਼ਨ ਹੈ 'ਮਾਰੀ ਛੋਰੀਆਂ ਛੋਰੋਂ ਸੇ ਕਮ ਹੈਂ ਕੇ?'