ਜਲੰਧਰ (ਬਿਊਰੋ)— ਪੰਜਾਬੀ ਗਾਇਕੀ ਤੋਂ ਬਾਅਦ ਹੁਣ ਅਦਾਕਾਰੀ 'ਚ ਪੈਰ ਪਸਾਰ ਰਹੇ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਸਟਾਰਰ ਫਿਲਮ 'ਆਟੇ ਦੀ ਚਿੜੀ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਟਰੇਲਰ ਦੀ ਸ਼ੁਰੂਆਤ 'ਚ ਅੰਮ੍ਰਿਤ ਮਾਨ ਇਕ ਡਾਇਲਾਗ ਬੋਲਦੇ ਹਨ, ''ਕਿਸੇ ਦੀ ਐਂਟਰੀ ਘੋੜੇ 'ਤੇ ਹੁੰਦੀ ਹੈ, ਕਿਸੇ ਦੀ ਜੀਪ 'ਤੇ ਹੁੰਦੀ ਹੈ ਤੇ ਕਿਸੇ ਦੀ ਬੰਬੂਕਾਟ 'ਤੇ ਪਰ ਮੇਰੀ ਐਂਟਰੀ ਵੇਲਣੇ 'ਤੇ ਹੋਈ।'' ਉਨ੍ਹਾਂ ਦੇ ਇਹ ਡਾਇਲਾਗ ਫਿਲਮ ਪ੍ਰਤੀ ਫੈਨਜ਼ ਦੀ ਉਤਸੁਕਤਾ ਨੂੰ ਵਧਾ ਰਹੇ ਹਨ। ਦੱਸ ਦੇਈਏ ਕਿ ਟਰੇਲਰ ਕਾਮੇਡੀ ਨਾਲ ਭਰਪੂਰ ਹੈ, ਜਿਸ 'ਚ ਪੰਜਾਬ ਨਾਲ ਪਿਆਰ ਦਿਖਾਇਆ ਗਿਆ ਹੈ। 'ਆਟੇ ਦੀ ਚਿੜੀ' ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਤੱਕ ਫਿਲਮ ਦੇ ਟਰੇਲਰ ਨੂੰ 2 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।
'ਆਟੇ ਦੀ ਚਿੜੀ' ਦੇ ਟਰੇਲਰ 'ਚ ਨਿਰਮਲ ਰਿਸ਼ੀ ਤੇ ਸਰਦਾਰ ਸੋਹੀ ਦਮਦਾਰ ਭੂਮਿਕਾ 'ਚ ਨਜ਼ਰ ਆ ਰਹੇ ਹਨ। ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਵੀ ਆਪਣੀਆਂ ਗੱਲਾਂ ਨਾਲ ਹਸਾਉਂਦੇ ਦਿਸ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਅਨਮੋਲ ਵਰਮਾ ਤੇ ਹਾਰਬੀ ਸੰਘਾ ਸਮੇਤ ਕਈ ਸਿਤਾਰੇ ਨਜ਼ਰ ਆ ਰਹੇ ਹਨ। ਇਹੀ ਨਹੀਂ ਟਰੇਲਰ ਦੇ ਇਕ ਸੀਨ 'ਚ ਐਮੀ ਵਿਰਕ ਤੇ ਰੁਬੀਨਾ ਬਾਜਵਾ ਵੀ ਨਜ਼ਰ ਆ ਰਹੇ ਹਨ, ਜਿਹੜੇ ਫਿਲਮ 'ਚ ਗੈਸਟ ਅਪੀਅਰੈਂਸ ਦੇ ਰਹੇ ਹਨ।
ਦੱਸਣਯੋਗ ਹੈ ਕਿ 'ਆਟੇ ਦੀ ਚਿੜੀ' ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਹਨ, ਜਦਕਿ ਕੋ-ਪ੍ਰੋਡਿਊਸਰ ਜੀ. ਆਰ. ਐੱਸ. ਚੀਨਾ ਹਨ। ਫਿਲਮ ਦਾ ਸੰਗੀਤ ਜੈਦੇਵ ਕੁਮਾਰ, ਡੀ. ਜੇ. ਫਲੋਅ, ਦੀਪ ਜੰਡੂ, ਇਨਟੈਂਸ, ਦਿ ਬੌਸ ਤੇ ਰਜਿੰਦਰ ਸਿੰਘ ਨੇ ਦਿੱਤਾ ਹੈ, ਜਿਹੜਾ ਲੋਕਧੁਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। 'ਆਟੇ ਦੀ ਚਿੜੀ' ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ, ਜੋ ਦੁਨੀਆ ਭਰ 'ਚ 19 ਅਕਤੂਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।