ਜਲੰਧਰ(ਬਿਊਰੋ)— ਪੰਜਾਬੀ ਫਿਲਮ ਦੀ ਦੁਨੀਆ ਵਿਚ ਦੋ ਇਨਸਾਨ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਪੰਜਾਬੀ ਸਿਨੇਮਾ ਦੀ ਤਰੱਕੀ ਲਈ ਤੇ ਉਹ ਹਨ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ। ਇਸ ਫਿਲਮ ਦੇ ਸਹਿ ਨਿਰਮਾਤਾ ਹਨ ਜੀ. ਆਰ. ਐੱਸ. ਚਿੰਨਾ (ਕੈਲਗਰੀ ਕੈਨੇਡਾ)। ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਮਾਲਕ ਚਰਨਜੀਤ ਸਿੰਘ ਵਾਲੀਆ ਦੀ ਤੇਗ ਪ੍ਰੋਡਕਸ਼ਨਸ ਫਿਲਮ, ਜਿਸ ਦਾ ਨਾਂ ਹੈ 'ਆਟੇ ਦੀ ਚਿੜੀ' ਲੈ ਕੇ ਬਿਲਕੁਲ ਤਿਆਰ ਹਨ। ਫਿਲਮ 'ਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਹੈ, ਜੋ ਪਹਿਲੀ ਵਾਰ ਪਰਦੇ 'ਤੇ ਇਕੱਠੀ ਦਿਸੇਗੀ।
ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫਿਲਮ 'ਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਤੇ ਅਨਮੋਲ ਵਰਮਾ। ਰਿਲੀਜ਼ ਹੋਏ ਟਰੇਲਰ ਮੁਤਾਬਕ 'ਆਟੇ ਦੀ ਚਿੜੀ' ਇਕ ਕਾਮੇਡੀ ਫਿਲਮ ਹੈ, ਜਿਸ 'ਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ।
ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਕ ਹੈਰੀ ਭੱਟੀ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਆਪਣੀ ਨਵੀਂ ਫਿਲਮ ਬਾਰੇ ਗੱਲ ਕਰਦੇ ਹੋਏ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਲਿਆ ਹੈ ਕਿ ਕਾਲਜ ਦੀ ਤਰ੍ਹਾਂ ਹੀ ਜਿੱਥੇ ਉਹ ਕੋਸ਼ਿਸ਼ ਕਰਦੇ ਹਨ ਬੱਚਿਆਂ ਨੂੰ ਸਿਖਾਉਣ ਦੀ ਅਤੇ ਵਧੀਆ ਇਨਸਾਨ ਬਣਾਉਣ ਦੀ, ਉਥੇ ਉਨ੍ਹਾਂ ਦੀਆਂ ਫਿਲਮਾਂ ਵੀ ਕੁਝ ਸਿਖਾਉਣ ਦੀ ਕੋਸ਼ਿਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀਆਂ ਫਿਲਮਾਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦੇਣ ਅਤੇ ਦਰਸ਼ਕਾਂ 'ਤੇ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪਾਉਣ। ਆਟੇ ਦੀ ਚਿੜੀ ਨੂੰ ਪੂਰੇ ਸੰਸਾਰ ਭਰ ਵਿਚ ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।