ਜਲੰਧਰ(ਬਿਊਰੋ)— ਚਿਰਾਂ ਤੋਂ ਉਡੀਕੀ ਜਾਣ ਵਾਲੀ ਪੰਜਾਬੀ ਫਿਲਮ 'ਆਟੇ ਦੀ ਚਿੜੀ' ਅੱਜ ਯਾਨੀ ਵੀਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਉਹ ਵੀ ਆਪਣੀ ਮਿੱਥੀ ਤਰੀਕ ਤੋਂ ਇਕ ਦਿਨ ਪਹਿਲਾਂ। ਫਿਲਮ ਦੀ ਪੂਰੀ ਸਟਾਰ ਕਾਸਟ, ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਫਿਲਮ ਨੂੰ ਪ੍ਰਮੋਟ ਕਰਨ ਲਈ ਬੀਤੇ ਦਿਨੀਂ ਅੰਮ੍ਰਿਤਸਰ ਪਹੁੰਚੇ ਸਨ। ਤੇਗ ਪ੍ਰੋਡਕਸ਼ਨਸ ਤੋਂ ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਉਪ ਨਿਰਮਾਤਾ ਜੀ. ਆਰ. ਐੱਸ. ਛੀਨਾ ਪੂਰੀ ਟੀਮ ਨਾਲ ਫਿਲਮ ਲਈ ਆਸ਼ੀਰਵਾਦ ਲੈਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਹ ਫਿਲਮ ਆਪਣੇ ਐਲਾਨ ਨਾਲ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸ ਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ, ਜੋ ਪਹਿਲੀ ਵਾਰ ਪਰਦੇ 'ਤੇ ਇਕੱਠੀ ਦਿਸੇਗੀ।
'ਆਟੇ ਦੀ ਚਿੜੀ' ਇਕ ਅਜਿਹੀ ਫਿਲਮ ਹੈ, ਜਿਸ ਨੂੰ ਦੇਖ ਕੇ ਸਾਰਿਆਂ ਨੂੰ ਆਪਣਾ ਬਚਪਨ, ਮੌਜ-ਮਸਤੀ ਦੇ ਦਿਨ ਅਤੇ ਮਾਂ ਦਾ ਪਿਆਰ ਜ਼ਰੂਰ ਯਾਦ ਆ ਜਾਵੇਗਾ। ਇਸ ਮੌਕੇ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ 'ਆਟੇ ਦੀ ਚਿੜੀ' ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ ਕਿਉਂਕਿ ਇਸ ਦੀ ਕਹਾਣੀ ਅਤੇ ਪਿੱਠਭੂਮੀ ਮੇਰੀ ਆਪਣੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ। ਬਚਪਨ ਤੋਂ ਹੀ ਮੈਂ ਸਾਡੇ ਸੱਭਿਆਚਾਰ ਨਾਲ ਜੁੜੀਆਂ ਕਈ ਗੱਲਾਂ ਤੋਂ ਅਣਜਾਣ ਸੀ, ਜੋ ਮੈਨੂੰ ਇਸ ਫਿਲਮ ਦੇ ਦੌਰਾਨ ਪਤਾ ਲੱਗੀਆਂ। ਇਸ ਫਿਲਮ ਨੇ ਮੈਨੂੰ ਇਕ ਚੀਜ਼ ਜ਼ਰੂਰ ਸਿਖਾਈ ਹੈ, ਉਹ ਹੈ ਆਪਣੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਹੀ ਮੁੱਲ, ਜੋ ਲੋਕਾਂ ਨੂੰ ਮੁੜ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜ ਦੇਵੇਗਾ।
ਗਾਇਕ ਅਤੇ ਅਭਿਨੇਤਾ ਅੰਮ੍ਰਿਤ ਮਾਨ ਨੇ ਕਿਹਾ ਕਿ, ''ਮੈਂ ਆਪਣੇ ਗੀਤਾਂ ਅਤੇ ਇਕ ਫਿਲਮ 'ਚ ਅਦਾਕਾਰੀ ਕਰ ਚੁੱਕਾ ਹਾਂ ਪਰ ਇਕ ਪੂਰੀ ਫਿਲਮ ਦਾ ਭਾਰ ਆਪਣੇ ਮੋਢਿਆਂ 'ਤੇ ਲੈਣਾ ਅਲੱਗ ਹੀ ਜ਼ਿੰਮੇਵਾਰੀ ਹੈ। ਮੈਂ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਲੋਕ ਇਸ ਨੂੰ ਅਪਣਾਉਣਗੇ। ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਅਸੀਂ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਕੋਸ਼ਿਸ਼ ਨੂੰ ਜ਼ਰੂਰ ਆਪਣਾ ਸਮਰਥਨ ਦੇਣਗੇ।''