ਜਲੰਧਰ— ਅੱਜ ਦੇ ਸਮੇਂ ਦੀ ਸਭ ਤੋਂ ਵੱਧ ਚਰਚਿਤ ਦੋਗਾਣਾ ਜੋੜੀ ਆਤਮਾ ਸਿੰਘ ਤੇ ਮਿਸ ਅਮਨ ਰੋਜ਼ੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਪੰਜਾਬੀ ਸੱਭਿਆਚਾਰ ਦੀ ਮਹਿਕ ਬਿਖੇਰ ਕੇ ਵਤਨ ਪਰਤ ਆਈ ਹੈ। 'ਵੈਨਕੂਵਰ ਪੰਜਾਬੀ ਮੇਲਾ' ਦੀ ਸਮੂਹ ਪ੍ਰਬੰਧਕ ਕਮੇਟੀ ਦੇ ਸੱਦੇ 'ਤੇ ਕੈਨੇਡਾ ਗਏ ਆਤਮਾ ਸਿੰਘ ਅਤੇ ਅਮਨ ਰੋਜ਼ੀ ਨੇ ਜਿੱਥੇ ਵੈਨਕੂਵਰ ਪੰਜਾਬੀ ਮੇਲੇ ਵਿਚ ਪੰਜਾਬੀ ਸਰੋਤਿਆਂ ਨੂੰ ਗਾਇਕੀ ਨਾਲ ਸਰਸ਼ਾਰ ਕੀਤਾ, ਉਥੇ ਐਡਮਿੰਟਨ, ਐਬਟਸਫੋਰਡ, ਟੋਰਾਂਟੋ ਅਤੇ ਸਰੀ ਵਰਗੇ ਸ਼ਹਿਰਾਂ ਵਿਚ ਵੀ ਦੋਗਾਣਾ ਜੋੜੀ ਨੇ ਕੈਨੇਡਾ ਦੇ ਸਰੋਤਿਆਂ ਨੂੰ ਪੰਜਾਬ ਚੇਤੇ ਕਰਵਾ ਦਿੱਤਾ।
ਆਤਮਾ ਸਿੰਘ ਨੇ ਦੱਸਿਆ ਕਿ ਕੈਨੇਡਾ ਸ਼ੋਆਂ ਦੌਰਾਨ ਕਸ਼ਮੀਰ ਸਿੰਘ ਧਾਲੀਵਾਲ, ਕੁਲਦੀਪ ਥਾਂਦੀ, ਰਾਣਾ,ਕੁਲਵੰਤ ਢੇਸੀ ਰੰਗਾ, ਯਾਦਵਿੰਦਰ ਖਾਬੜਾ, ਸ਼ਾਂਤੀ ਸਰੂਪ, ਇੰਦਰਜੀਤ ਮੁੱਲਾਂਪੁਰੀ, ਗੁਰਜੀਤ ਬੁੱਢੇਵਾਲ, ਪ੍ਰਿਤਪਾਲ ਗਿੱਲ, ਸੋਹਣ ਸਿੰਘ ਦਿਓ ਆਦਿ ਪ੍ਰਮੋਟਰਾਂ ਅਤੇ ਸਹਿਯੋਗੀਆਂ ਦਾ ਵੱਡਾ ਸਹਿਯੋਗ ਰਿਹਾ ਅਤੇ ਉਨ੍ਹਾਂ ਨੂੰ ਉਦੋਂ ਬਹੁਤ ਹੀ ਖੁਸ਼ੀ ਹੋਈ ਜਦੋਂ ਉਸ ਦੇ ਪਿੰਡ ਬੁੱਢੇਵਾਲ ਦੇ ਕੈਨੇਡਾ ਵਸਦੇ ਸਾਥੀਆਂ ਵਲੋਂ ਉਸ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਵਾਪਸ ਪਰਤ ਆਏ ਹਨ ਅਤੇ ਪੰਜਾਬੀਆਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਹਨ ਅਤੇ ਜਲਦੀ ਹੀ ਨਵਾਂ ਟਰੈਕ ਲੈ ਕੇ ਵੀ ਹਾਜ਼ਰ ਹੋਣਗੇ।