ਮੁੰਬਈ(ਬਿਊਰੋ)— ਬਾਲੀਵੁੱਡ ਗਾਇਕ ਅਭਿਜੀਤ ਭੱਟਾਚਾਰੀਆ ਅੱਜਕਲ ਆਪਣੇ ਗੀਤਾਂ ਨਾਲ ਘੱਟ ਅਤੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ 'ਚ ਜ਼ਿਆਦਾ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਅਭਿਜੀਤ 'ਤੇ ਉਨ੍ਹਾਂ ਦੀ ਗੁਆਂਢਣ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ। ਹੁਣ ਅਭਿਜੀਤ ਨੇ ਕਿੰਗ ਖਾਨ ਸ਼ਾਹਰੁਖ ਬਾਰੇ ਬਿਆਨ ਦਿੱਤਾ ਹੈ। ਹਾਲ ਹੀ 'ਚ ਇਕ ਇਵੈਂਟ 'ਚ ਅਭਿਜੀਤ ਨੂੰ ਸਵਾਲ ਕੀਤਾ ਗਿਆ ਕਿ ਉਨ੍ਹਾਂ ਨੇ ਸ਼ਾਹਰੁਖ ਨੂੰ ਆਪਣੀ ਆਵਾਜ਼ ਦੇਣਾ ਕਿਉਂ ਬੰਦ ਕਰ ਦਿੱਤਾ।
![Image result for Abhijeet Bhattacharya and Shah Rukh Khan](https://cdn1.newsnation.in/images/2018/10/03/ShahrukhAbhijeet-474055599_6.jpg)
ਇਸ ਸਵਾਲ 'ਤੇ ਅਭਿਜੀਤ ਨੇ ਕਿਹਾ ਕਿ ਸ਼ਾਹਰੁਖ ਖਾਨ ਉਦੋਂ ਤੱਕ ਹੀ ਸੁਪਰਸਟਾਰ ਸੀ, ਜਦੋਂ ਤੱਕ ਅਭਿਜੀਤ ਨੇ ਉਨ੍ਹਾਂ ਲਈ ਗੀਤ ਗਾਏ। ਅਭਿਜੀਤ ਨੇ ਕਿਹਾ, “ਮੇਰੀ ਆਵਾਜ਼ ਨੇ ਸ਼ਾਹਰੁਖ ਨੂੰ ਸੁਪਰਸਟਾਰ ਬਣਾਇਆ। ਜਦੋਂ ਤੱਕ ਮੈਂ ਸ਼ਾਹਰੁਖ ਲਈ ਗਾ ਰਿਹਾ ਸੀ, ਉਹ ਰੌਕਸਟਾਰ ਸੀ ਪਰ ਜਦੋਂ ਮੈਂ ਉਨ੍ਹਾਂ ਲਈ ਗਾਉਣਾ ਬੰਦ ਕਰ ਦਿੱਤਾ ਤਾਂ ਉਹ ਹੁਣ ਲੁੰਗੀ ਡਾਂਸ 'ਤੇ ਆ ਗਏ ਹਨ।''
![](https://images.abplive.in/index.php?url=https://static.abplive.in/wp-content/uploads/sites/5/2018/10/03133114/abhijeet-bhattacharya-1.jpg&dimension=600:0&action=resize)
ਅਭਿਜੀਤ ਨੇ ਅੱਗੇ ਕਿਹਾ, “ਬਹੁਤ ਛੋਟੇ ਜਿਹੇ ਕਾਰਨ ਕਰਕੇ ਮੈਂ ਉਨ੍ਹਾਂ ਲਈ ਗਾਉਣਾ ਬੰਦ ਕਰ ਦਿੱਤਾ। ਫਿਲਮ 'ਮੈਂ ਹੂੰ ਨਾ' 'ਚ ਉਨ੍ਹਾਂ ਨੇ ਸਪੋਟ ਬੁਆਏ ਤੱਕ ਨੂੰ ਦਿਖਾਇਆ ਸੀ ਪਰ ਸਿੰਗਰ ਨੂੰ ਨਹੀਂ। ਅਜਿਹਾ ਹੀ ਉਨ੍ਹਾਂ ਨੇ ਮੇਰੇ ਨਾਲ ਫਿਲਮ 'ਓਮ ਸ਼ਾਂਤੀ ਓਮ' 'ਚ ਕੀਤਾ ਸੀ। ਇਸ ਕਰਕੇ ਮੇਰੇ ਆਤਮ-ਸਨਮਾਨ ਨੂੰ ਠੇਸ ਪਹੁੰਚੀ ਪਰ ਮੈਂ ਕਹਿੰਦਾ ਨਹੀਂ ਕਿ ਮੇਰਾ ਨਾਂ ਹੋਣਾ ਚਾਹੀਦਾ ਹੈ। ਇਹ ਮੇਰੀ ਗਲਤੀ ਨਹੀਂ ਸੀ।'' ਇਸ ਦੇ ਨਾਲ ਹੀ ਅਭਿਜੀਤ ਨੇ ਕਿਹਾ ਕਿ ਉਹ ਫਿਲਮ ਇੰਡਸਟਰੀ ਦਾ ਨਹੀਂ ਸਗੋਂ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਹਨ। ਉਹ ਕਿਸੇ ਨੂੰ ਬੇਨਤੀ ਨਹੀਂ ਕਰਨਗੇ ਆਪਣਾ ਨਾਂ ਸ਼ਾਮਲ ਕਰਨ ਲਈ।
![Image result for Abhijeet Bhattacharya and Shah Rukh Khan](https://static.asianetnews.com/images/01crw9p3yg2xp8m3xv6jn33t17/abhijeet-_710x400xt.jpg)
ਉਨ੍ਹਾਂ ਕਿਹਾ ਕਿ ਮੁੰਬਈ ਪਹਿਲਾਂ ਚੰਗਾ ਹੁੰਦਾ ਸੀ ਪਰ ਹੁਣ ਲੋਕ ਆਪਣੇ ਸੁਪਨਿਆਂ ਦਾ ਭਾਰ ਲੈ ਕੇ ਇੱਥੇ ਆਉਂਦੇ ਹਨ, ਜਿਸ ਦਾ ਭਾਰ ਬਾਅਦ 'ਚ ਮੁੰਬਈ ਨੂੰ ਚੁੱਕਣਾ ਪੈਂਦਾ ਹੈ। ਅਭਿਜੀਤ ਨੇ ਸ਼ਾਹਰੁਖ ਲਈ ਕਈ ਗੀਤ ਗਾਏ ਹਨ ਤੇ ਉਨ੍ਹਾਂ ਦੀ ਆਵਾਜ਼ ਕਿੰਗ ਖਾਨ ਦੀ ਪਛਾਣ ਵੀ ਬਣ ਗਈ ਸੀ। ਮਿਊਜ਼ਿਕ ਕੰਪੋਜ਼ਰ ਬਿਨਾ ਸੋਚੇ ਹੀ ਸ਼ਾਹਰੁਖ ਲਈ ਅਭਿਜੀਤ ਨੂੰ ਕਾਲ ਕਰ ਲੈਂਦੇ ਸੀ। ਹੁਣ ਦੇਖਣਾ ਹੈ ਕਿ ਇਹ ਦੋਨੋਂ ਸਟਾਰਸ ਆਪਣੀ ਨਾਰਾਜ਼ਗੀ ਕਦੋਂ ਤੱਕ ਦੂਰ ਕਰਦੇ ਹਨ ਅਤੇ ਅਭਿਜੀਤ ਸੁਪਰਸਟਾਰ ਸ਼ਾਹਰੁਖ ਲਈ ਮੁੜ ਕਦੋਂ ਗੀਤ ਗਾਉਣਗੇ।