ਨਵੀਂ ਦਿੱਲੀ—ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਬਚਪਨ 'ਚ ਕਬੱਡੀ ਖੇਡਣੀ ਸਿਖਾਈ ਸੀ ਅਤੇ ਮੌਕਾ ਮਿਲਣ 'ਤੇ ਅੱਜ ਵੀ ਉਹ ਕਬੱਡੀ ਖੇਡਦੇ ਹਨ। 'ਸਟਾਰ ਸਪੋਰਟਸ ਪ੍ਰੋ ਕਬੱਡੀ' 'ਚ 'ਜੈਪੁਰ ਪਿੰਕ ਪੈਂਥਰਸ' ਟੀਮ ਦੇ ਮਾਲਕ ਅਭਿਸ਼ੇਕ ਬੱਚਨ ਨੇ ਬੀਤੀ ਰਾਤ ਪਰੈੱਸ ਕਾਨਫਰੰਸ 'ਚ ਕਿਹਾ, ''ਸਾਲ 1978 'ਚ ਆਈ ਫਿਲਮ 'ਗੰਗਾ ਕੀ ਸੋਗੰਧ 'ਚ ਪਾਪਾ ਦਾ ਕਬੱਡੀ ਖੇਡਣ ਦਾ ਇਕ ਸੀਨ ਸੀ। ਮੈਂ ਬਚਪਨ 'ਚ ਉਨ੍ਹਾਂ ਨੂੰ ਕਬੱਡੀ ਖੇਡਦੇ ਹੋਏ ਦੇਖਿਆ ਹੈ ਅਤੇ ਮੈਂ ਵੀ ਉਨਾਂ ਤੋਂ ਹੀ ਕਬੱਡੀ ਖੇਡਣੀ ਸਿੱਖੀ ਹੈ''।
ਜਦੋਂ ਅਭਿਸ਼ੇਕ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਜਦੋਂ ਪਹਿਲੀ ਵਾਰ ਪ੍ਰੋ ਕਬੱਡੀ 'ਚ ਇਕ ਟੀਮ ਖਰੀਦਣ ਬਾਰੇ ਅਮਿਤਾਭ ਬੱਚਨ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਕੀ ਜਵਾਬ ਸੀ, ਅਭਿਸ਼ੇਕ ਨੇ ਕਿਹਾ, ''ਪਾਪਾ ਨੇ 'ਹਾਂ' ਕਹਿੰਦੇ ਹੋਏ ਕਿਹਾ 'ਚੱਲ ਕਬੱਡੀ, ਕਬੱਡੀ, ਕਬੱਡੀ''।
ਇਸ ਤੋਂ ਇਲਾਵਾ ਅਭਿਸ਼ੇਕ ਨੇ ਅੱਗੇ ਇਹ ਵੀ ਕਿਹਾ ਕਿ ਉਹ ਸਾਲ 'ਚ ਇਕ ਜਾਂ ਦੋ ਫਿਲਮਾਂ ਸਾਈਨ ਕਰਦੇ ਹਨ ਅਤੇ ਫਿਲਮ ਦੀ ਸ਼ੂਟਿੰਗ ਤੋਂ ਇਲਾਵਾ ਜੋ ਸਮਾਂ ਮਿਲਦਾ ਹੈ ਉਹ ਕਬੱਡੀ ਨੂੰ ਦਿੰਦੇ ਹਨ।