ਮੁੰਬਈ(ਬਿਊਰੋ)- ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਬਾਲੀਵੁੱਡ ਤੇ ਟੀ.ਵੀ. ਦੇ ਮਸ਼ਹੂਰ ਐਕਟਰ ਕਿਰਣ ਕੁਮਾਰ ਵੀ ਇਸ ਦੀ ਲਪੇਟ 'ਚ ਆ ਗਏ ਹਨ। ਕਿਰਣ ਕੁਮਾਰ ਨੂੰ 14 ਮਈ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ ਤੇ ਉਨ੍ਹਾਂ ਨੇ ਖੁਦ ਨੂੰ ਪਿਛਲੇ 10 ਦਿਨਾਂ ਤੋਂ ਕੁਆਰੰਟਾਈਨ ਕੀਤਾ ਹੋਇਆ ਹੈ। 74 ਸਾਲ ਦੇ ਕਿਰਣ ਕੁਮਾਰ 'ਚ ਕੋਰੋਨਾ ਦੇ ਲੱਛਣ ਨਾ ਆਉਣ ਮਗਰੋਂ ਪਾਜ਼ੇਟਿਵ ਪਾਏ ਜਾਣ 'ਤੇ ਪਰਿਵਾਰ ਵੀ ਹੈਰਾਨ ਸੀ। ਕਿਰਣ ਕੁਮਾਰ ਨੇ ਖੁਦ ਇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਇਸ ਦੇ ਬਾਵਜੂਦ ਵੀ ਪਾਜ਼ੇਟਿਵ ਪਾਏ ਗਏ। ਉਨ੍ਹਾਂ ਨੂੰ ਖੰਘ, ਬੁਖਾਰ ਤੇ ਸਾਹ ਲੈਣ 'ਚ ਕੋਈ ਪਰੇਸ਼ਾਨੀ ਨਹੀਂ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਪਰਿਵਾਰ ਤੋਂ ਦੂਰੀ ਬਣਾ ਲਈ ਸੀ ਤੇ ਉਨ੍ਹਾਂ ਤੋਂ ਵੱਖ ਰਹਿ ਰਹੇ ਸਨ। ਕਿਰਣ ਕੁਮਾਰ ਚੈੱਕਅਪ ਲਈ ਹਸਪਤਾਲ ਗਏ ਸੀ ਤਾਂ ਉਨ੍ਹਾਂ ਕੋਰੋਨਾ ਦਾ ਟੈਸਟ ਵੀ ਕਰਵਾ ਲਿਆ, ਜੋ ਕਿ ਪਾਜ਼ੇਟਿਵ ਆਇਆ।
ਕਿਰਣ ਕੁਮਾਰ ਨੇ ਕਿਹਾ ਕਿ 'ਰਿਪੋਰਟ ਆਉਣ ਮਗਰੋਂ ਮੈਂ ਖ਼ੁਦ ਨੂੰ ਸੈਲਫ ਆਈਸੋਲੇਟ ਕਰ ਲਿਆ ਸੀ। ਮੇਰਾ ਪਰਿਵਾਰ ਦੂਜੀ ਮੰਜ਼ਿਲ 'ਤੇ ਰਹਿ ਰਿਹਾ ਹੈ, ਜਦੋਂ ਕਿ ਮੈਂ ਤੀਜੀ ਮੰਜ਼ਿਲ 'ਤੇ ਹਾਂ। ਮੇਰਾ ਹੋਰ ਟੈਸਟ ਸੋਮਵਾਰ ਨੂੰ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਸਭ ਕਲੀਅਰ ਨਿਕਲੇਗਾ।' ਕਿਰਨ ਕੁਮਾਰ ਤੋਂ ਪਹਿਲਾਂ ਵੀ ਫਿਲਮ ਇੰਡਸਟਰੀ ਦੇ ਕਈ ਲੋਕ ਕੋਰੋਨਾ ਸੰਕ੍ਰਮਿਤ ਪਾਏ ਜਾ ਚੁੱਕੇ ਹਨ। ਇਨ੍ਹਾਂ 'ਚ ਗਾਇਕਾ ਕਨਿਕਾ ਕਪੂਰ, ਨਿਰਮਾਤਾ ਕਰੀਮ ਮੋਰਾਨੀ, ਜੋਇਆ ਮੋਰਾਨੀ ਸੰਕ੍ਰਮਿਤ ਪਾਏ ਗਏ ਸੀ। ਇਹ ਸਾਰੇ ਠੀਕ ਹੋ ਚੁੱਕੇ ਹਨ।
ਦੱਸ ਦੇਈਏ ਕਿ ਕਿਰਣ ਕੁਮਾਰ ਬਾਲੀਵੁੱਡ ਫਿਲਮਾਂ 'ਚ ਖ਼ਲਨਾਇਕ ਤੇ ਪਿਤਾ ਦੀ ਭੂਮਿਕਾ ਨਿਭਾਅ ਚੁੱਕੇ ਹਨ। ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ 'ਚ ‘ਤੇਜ਼ਾਬ’, ‘ਖ਼ੁਦਾ ਗਵਾਹ’, ‘ਪਿਆਰ ਕੀਆ ਤੋਂ ਡਰਨਾ ਕਯਾ’ ਤੇ ‘ਮੁਝਸੇ ਦੋਸਤੀ ਕਰੋਗੀ’ ਆਦਿ ਹਨ।