FacebookTwitterg+Mail

ਪੰਜਾਬੀ ਸਿਨੇਮਾ ਦੇ ਪ੍ਰੋਡਿਊਸਰਾਂ ਨੂੰ ਸ਼ੋਸ਼ਣ ਤੋਂ ਬਚਾਵੇਗੀ ਨਵੀਂ ਸੰਸਥਾ ਪ੍ਰੋਡਿਊਸਰਸ ਐਸੋਸੀਏਸ਼ਨ

actor s association to fight issues including sexual harassment
16 September, 2019 10:14:51 AM

ਮੋਹਾਲੀ (ਨਿਆਮੀਆਂ) - ਪੰਜਾਬੀ ਫਿਲਮ ਇੰਡਸਟਰੀ ਹਾਲੇ ਤਜਰਬਿਆਂ ਦੇ ਦੌਰ ਵਿਚ ਹੈ, ਫਿਰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਹਰ ਹੰਭਲਾ ਮਾਰ ਕੇ ਪੰਜਾਬੀ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਜਰਬੇ ਵੀ ਕਰ ਰਹੇ ਹਨ ਅਤੇ ਹਰ ਤਰ੍ਹਾਂ ਦਾ ਵਿੱਤੀ ਪ੍ਰਬੰਧ ਕਰਦੇ ਹੋਏ ਵੱਡਾ ਜੋਖਮ ਵੀ ਲੈ ਰਹੇ ਹਨ। ਇਸ ਦੇ ਬਾਵਜੂਦ ਕੁਝ ਅਦਾਕਾਰਾਂ, ਡਿਸਟ੍ਰੀਬਿਊਟਰਾਂ ਅਤੇ ਡਾਇਰੈਕਟਰਾਂ ਵਲੋਂ ਕਥਿਤ ਤੌਰ ’ਤੇ ਉਨ੍ਹਾਂ ਨਾਲ ਧੋਖੇਬਾਜ਼ੀ ਕਰਨ ਕਰਕੇ ਪ੍ਰੋਡਿਊਸਰਾਂ ਦਾ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਇਸ ਸਭ ਤੋਂ ਬਚਣ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਪੰਜਾਬੀ ਫਿਲਮ ਪ੍ਰੋਡਿਊਸਰਾਂ ਦੀ ਇਕ ਮੀਟਿੰਗ ਵਿਚ ਪੰਜਾਬੀ ਫਿਲਮਾਂ ਦੇ ਬਹੁਤ ਸਾਰੇ ਸਰਗਰਮ ਪ੍ਰੋਡਿਊਸਰਾਂ ਨੇ ਸਾਂਝੇ ਤੌਰ ’ਤੇ ਪ੍ਰੋਡਿਊਸਰਸ ਦੀ ਐਸੋਸੀਏਸ਼ਨ ਬਣਾਉਣ ਦਾ ਫੈਸਲਾ ਲਿਆ।

ਮੀਟਿੰਗ ਵਿਚ ਹਾਜ਼ਰ ਪ੍ਰੋਡਿਊਸਰਾਂ ਨੇ ਕਿਹਾ ਕਿ ਅੱਜ ਕੱਲ ਹਰ ਹਫਤੇ ਇਕ ਅਤੇ ਇਸ ਤੋਂ ਵੱਧ ਵੀ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨਿਰਮਾਣ ਅਧੀਨ ਹਨ। ਇਸ ਕਾਰਨ ਨਵੇਂ ਨਿਰਮਾਤਾਵਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਰਮਾਤਾਵਾਂ ਨੂੰ ਕੁਝ ਲਾਲਚੀ ਕਲਾਕਾਰਾਂ ਅਤੇ ਡਾਇਰੈਕਟਰਾਂ ਵਲੋਂ ਝੂਠੇ ਸਬਜ਼ਬਾਗ ਦਿਖਾ ਕੇ ਫਸਾ ਲਿਆ ਜਾਂਦਾ ਹੈ ਅਤੇ ਮਹਿੰਗੀਆਂ ਫਿਲਮਾਂ ਬਣਾ ਕੇ ਬਾਅਦ ਵਿਚ ਵੱਡੇ ਘਾਟਿਆਂ ਦੇ ਰੂਪ ਵਿਚ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਤੋਂ ਬਚਣ ਲਈ ਇਸ ਸੰਸਥਾ ਨੂੰ ਹੋਂਦ ਵਿਚ ਲਿਆਉਣਾ ਸਮੇਂ ਦੀ ਮੰਗ ਸੀ ਤਾਂ ਕਿ ਆਉਣ ਵਾਲੇ ਨਵੇਂ ਅਤੇ ਪੁਰਾਣੇ ਪ੍ਰੋਡਿਊਸਰ ਜੋ ਫਿਲਮਾਂ ਸ਼ੁਰੂ ਕਰਦੇ ਹਨ, ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨਾਲ ਹੋਣ ਵਾਲੇ ਐਗਰੀਮੈਂਟ ਤੋਂ ਲੈ ਕੇ ਸਿਨੇਮਾ ਤਕ ਆਉਣ ਵਾਲੀਆਂ ਮੁਸ਼ਕਲਾਂ ਲਈ ਸੰਸਥਾ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ ਅਤੇ ਡਿਜੀਟਲ ਫੀਸ ਅਤੇ ਐਂਟਰਟੇਨਮੈਂਟ ਟੈਕਸ ਬਾਰੇ ਵੀ ਸਰਕਾਰ ਨਾਲ ਗੱਲਬਾਤ ਕਰੇਗੀ।

ਇਸ ਮੌਕੇ ਕੀਤੀ ਗਈ ਚੋਣ ਵਿਚ ਸਰਵਸੰਮਤੀ ਨਾਲ ਚਰਨਜੀਤ ਸਿੰਘ ਵਾਲੀਆ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਕੀ ਅਹੁਦੇਦਾਰਾਂ ਵਿਚ ਚੇਅਰਮੈਨ ਹਰਜਿੰਦਰ ਸਿੰਘ ਗਰਚਾ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੇਵਗਨ ਅਤੇ ਸਕੱਤਰ ਵਜੋਂ ਯੁਵਰਾਜ ਸਿੰਘ ਬੱਲ ਨੂੰ ਚੁਣਿਆ ਗਿਆ ਹੈ। ਵਿਮਲ ਚੋਪਡ਼ਾ ਨੂੰ ਸਹਾਇਕ ਸਕੱਤਰ ਅਤੇ ਕਰਨ ਧਾਲੀਵਾਲ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੋਰ ਕਮੇਟੀ ਮੈਂਬਰਾਂ ਵਿਚ ਮਨੀ ਧਾਲੀਵਾਲ, ਦੀਪਕ ਗੁਪਤਾ, ਜਤਿੰਦਰ ਸ਼ਰਮਾ, ਅੰਚਿਤ ਗੋਇਲ, ਸਰਬਜੀਤ ਸਿੰਘ ਕਲਸੀ, ਅਮਨੀਤ ਸ਼ੇਰ ਸਿੰਘ (ਕਾਕੂ), ਮੋਹਿਤ ਬਨਵੈਤ, ਰੰਜੀਵ ਸਿੰਗਲਾ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ ਸੰਸਥਾ ਦੇ ਮੈਂਬਰ ਬਲਜੀਤ ਸਿੰਘ ਜੌਹਲ, ਰੁਪਿੰਦਰ ਮਿਨਹਾਸ, ਮਨਦੀਪ ਸਿੰਘ, ਬੌਬੀ ਸਚਦੇਵਾ, ਐੱਸ. ਐੱਸ. ਵਾਲੀਆ, ਪਰਵਿੰਦਰ ਚਹਿਲ, ਤੇਗਬੀਰ ਸਿੰਘ ਵਾਲੀਆ, ਪ੍ਰਦੀਪ ਸਿੰਘ ਸੰਧੂ, ਲਿਵਤਾਰ ਸਿੰਘ, ਤਰਸੇਮ ਕੋਹਲੀ, ਮਾਈਕ ਵਰਮਾ, ਵਿਪਲ ਕੰਬੋਜ, ਮਨਪ੍ਰੀਤ ਸਿੰਘ, ਵਿਨੇ ਜਿੰਦਲ, ਗੁਰਪ੍ਰੀਤ ਸਿੰਘ ਤੋਂ ਇਲਾਵਾ ਕਾਨੂੰਨੀ ਸੇਵਾਵਾਂ ਦੇਣ ਵਾਲੇ ਐਡਵੋਕੇਟ ਹਾਕਮ ਸਿੰਘ ਅਤੇ ਐਡਵੋਕੇਟ ਯੋਗੇਸ਼ ਅਰੋਡ਼ਾ ਵੀ ਹਾਜ਼ਰ ਸਨ।


Tags: ActorsDistributorsDirectorsAssociation of ProducersSexual Harassment

Edited By

Sunita

Sunita is News Editor at Jagbani.