ਮੁੰਬਈ (ਬਿਊਰੋ) — ਬਾਲੀਵੁੱਡ 'ਚ 'ਸੰਜੂ ਬਾਬਾ' ਦੇ ਨਾਂ ਨਾਲ ਮਸ਼ਹੂਰ ਐਕਟਰ ਸੰਜੇ ਦੱਤ ਜਲਦ ਹੀ ਫਿਰ ਤੋਂ ਰਾਜਨੀਤੀ 'ਚ ਕਦਮ ਰੱਖ ਸਕਦੇ ਹਨ। ਅਸੀਂ ਅਜਿਹਾ ਇਸ ਲਈ ਆਖ ਰਹੇ ਹਾਂ ਕਿਉਂਕਿ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਮਹਾਦੇਵ ਜਾਨਕਰ ਨੇ ਇਹ ਦਾਅਵਾ ਕੀਤਾ ਹੈ। ਮਹਾਦੇਵ ਜਾਨਕਰ ਨੇ ਕਿਹਾ ਹੈ ਕਿ ਫਿਲਮ ਅਭਿਨੇਤਾ ਸੰਜੇ ਦੱਤ ਜਲਦ ਹੀ ਸਿਆਸਤ 'ਚ ਕਦਮ ਰੱਖਣ ਵਾਲੇ ਹਨ। ਦੱਸ ਦਈਏ ਕਿ ਮਹਾਦੇਵ ਜਾਨਕਰ ਰਾਸ਼ਟਰੀ ਸਮਾਜ ਪਾਰਟੀ ਦੇ ਪ੍ਰਧਾਨ ਹਨ। ਮਹਾਰਾਸ਼ਟਰ ਕੈਬਨਿਟ 'ਚ ਮੰਤਰੀ ਮਹਾਦੇਵ ਜਾਨਕਰ ਨੇ ਐਲਾਨ ਕੀਤਾ ਹੈ ਕਿ ਸੰਜੇ ਦੱਤ ਉਨ੍ਹਾਂ ਦੀ ਪਾਰਟੀ 'ਚ 25 ਸਤੰਬਰ ਨੂੰ ਪ੍ਰਵੇਸ਼ ਕਰਨ ਵਾਲੇ ਹਨ। ਉਥੇ ਹੀ ਆਰ. ਐੱਸ. ਪੀ. ਦੀ ਵਰ੍ਹੇਗੰਢ 'ਤੇ ਸੰਜੇ ਦੱਤ ਨੇ ਆਪਣਾ ਇਕ ਵੀਡੀਓ ਜ਼ਾਰੀ ਕਰਕੇ ਮੰਤਰੀ ਜਾਨਕਰ ਤੇ ਉਨ੍ਹਾਂ ਦੀ ਪਾਰਟੀ ਨੂੰ ਵਧਾਈ ਦਿੱਤੀ। ਵੀਡੀਓ 'ਚ ਸੰਜੇ ਦੱਤ ਨੇ ਕਿਹਾ ਕਿ ਰਾਸ਼ਟਰੀ ਸਮਾਜ ਪਾਰਟੀ ਨੂੰ ਬਹੁਤ ਵਧਾਈ ਅਤੇ ਸਫਲਤਾ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮਹਾਦੇਵ ਜਾਨਕਰ ਮੇਰੇ ਮਿੱਤਰ ਹਨ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਦੀ ਦੇਵੇਂਦਰ ਫੜਨਾਵੀਸ ਸਰਕਾਰ 'ਚ ਕੈਬਨਿਟ ਮੰਤਰੀ ਮਹਾਦੇਵ ਜਾਨਕਰ ਦੀ ਪਾਰਟੀ 'ਆਰ. ਐੱਸ. ਪੀ.' 'ਐੱਨ. ਡੀ.' ਦੀ ਸੰਵਿਧਾਨਕ ਪਾਰਟੀ ਹੈ। ਉਥੇ ਹੀ ਬਾਲੀਵੁੱਡ 'ਚ ਕਦੇ 'ਖਲਨਾਇਕ' ਤੇ ਕਦੇ 'ਮੁੰਨਾ ਭਾਈ' ਦੇ ਕਿਰਦਾਰ 'ਚ ਮਸ਼ਹੂਰ ਰਹੇ ਸੰਜੇ ਦੱਤ ਕਾਫੀ ਸਮੇਂ ਬਾਅਦ ਕਿਸੇ ਰਾਜਨੀਤਿਕ ਦਲ ਲਈ ਸ਼ੁੱਭਕਾਮਨਾ ਸੰਦੇਸ਼ ਦਿੰਦੇ ਨਜ਼ਰ ਆਏ। ਇਸ ਦੇ ਚੱਲਦੇ ਅਜਿਹੇ ਅੰਦਾਜ਼ਿਆਂ ਦਾ ਦੌਰ ਚੱਲ ਪਿਆ ਹੈ। ਸਾਲ 1992 ਮੁੰਬਈ ਸੀਰੀਅਲ ਬੰਬ ਧਮਾਕੇ ਨਾਲ ਜੁੜੇ ਮਾਮਲੇ 'ਚ ਏ. ਕੇ. 47 ਰੱਖਣ ਦੇ ਮਾਮਲੇ 'ਚ ਸੰਜੇ ਦੱਤ ਜੇਲ ਦੀ ਸਜ਼ਾ ਪੂਰੀ ਕਰ ਚੁੱਕੇ ਹਨ। ਸੰਜੇ ਦੱਤ ਪਿਛਲੀਆਂ ਲੋਕ ਸਭਾ ਚੋਣਾਂ 'ਚ ਆਪਣੀ ਭੈਣ ਤੇ ਕਾਂਗਰਸ ਦੀ ਉਮੀਦਵਾਰ ਪ੍ਰਿਯਾ ਦੱਤ ਲਈ ਮੁੰਬਈ 'ਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਸਨ। ਸੰਜੇ ਦੱਤ ਸਮਾਜਵਾਦੀ ਪਾਰਟੀ ਦੇ ਜਰਨਲ ਸਕੱਤਰ ਵੀ ਰਹਿ ਚੁੱਕੇ ਹਨ। ਹਾਲਾਂਕਿ ਉਦੋਂ ਸੰਜੇ ਦੱਤ ਦਾ ਲਖਨਾਊ ਲੋਕ ਸਭਾ ਸੀਟ ਤੋਂ ਚੋਣਾਂ 'ਚ ਉਤਰਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਸੀ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਸਨ।